
ਘਰੇਲੂ ਕਲੇਸ਼ ਮਗਰੋਂ ਮਾਂ ਅਤੇ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਰਾਏਪੁਰ, 11 ਜੂਨ : ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਇਕ ਔਰਤ ਅਤੇ ਉਸ ਦੀਆਂ 5 ਧੀਆਂ ਨੇ ਤੇਜ਼ ਰਫ਼ਤਾਰ ਰੇਲ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ ਹੈ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਘਟਨਾ ਦੀ ਜਾਂਚ ਕਰ ਕੇ ਜ਼ਰੂਰੀ ਕਾਰਵਾਈ ਯਕੀਨੀ ਕਰਨ ਲਈ ਕਿਹਾ ਹੈ। ਮਹਾਸਮੁੰਦ ਜ਼ਿਲ੍ਹੇ ਦੀ ਐਡੀਸ਼ਨਲ ਪੁਲਸ ਸੁਪਰਡੈਂਟ ਮੇਘਾ ਟੇਂਭੁਰਕਰ ਨੇ ਵੀਰਵਾਰ ਨੂੰ ਇਹ ਦਸਿਆ ਕਿ ਜ਼ਿਲ੍ਹੇ ਦੇ ਮਹਾਸਮੁੰਦ ਅਤੇ ਬੇਲਸੋਂਡਾ ਪਿੰਡ ਦੇ ਕਰੀਬ ਬੀਤੀ ਰਾਤ ਉਮਾ ਸਾਹ (45), ਉਸ ਦੀ ਧੀ ਅੰਨਪੂਰਨਾ (18), ਯਸ਼ੋਦਾ (16), ਭੂਮਿਕਾ (14), ਕੁਮਕੁਮ (12) ਅਤੇ ਤੁਲਸੀ (10) ਨੇ ਰੇਲ ਅੱਗੇ ਛਾਲ ਮਾਰ ਖੁਦਕੁਸ਼ੀ ਕਰ ਲਈ। ਟੇਂਭੁਰਕਰ ਨੇ ਦਸਿਆ ਕਿ ਪੁਲਿਸ ਨੂੰ ਵੀਰਵਾਰ ਸਵੇਰੇ ਜਦੋਂ ਘਟਨਾ ਦੀ ਜਾਣਕਾਰੀ ਮਿਲੀ, ਉਦੋਂ ਹਾਦਸੇ ਵਾਲੀ ਜਗ੍ਹਾ ਲਈ ਪੁਲਿਸ ਦਲ ਰਵਾਨਾ ਕੀਤਾ ਗਿਆ ਅਤੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ।
ਉਨ੍ਹਾਂ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਹੂ ਪ੍ਰਵਾਰ ਜ਼ਿਲ੍ਹੇ ਦੇ ਬੇਮਚਾ ਪਿੰਡ ਦਾ ਵਾਸੀ ਹੈ। ਰਾਤ ਨੂੰ ਪਤਨੀ ਦਾ ਪਤੀ ਨਾਲ ਵਿਵਾਦ ਹੋਇਆ, ਉਦੋਂ ਉਹ ਅਪਣੇ ਬੱਚਿਆਂ ਨਾਲ ਉੱਥੋਂ ਨਿਕਲ ਗਈ ਸੀ।
ਬਾਅਦ ਵਿਚ ਉਸ ਦੀ ਲਾਸ਼ ਰੇਲ ਦੀਆਂ ਪਟੜੀਆਂ ਕੋਲ ਮਿਲੀ। ਪੁਲਿਸ ਅਧਿਕਾਰੀ ਨੇ ਦਸਿਆ ਕਿ ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ, ਪਤਨੀ ਨੇ ਪਤੀ ਨਾਲ ਵਿਵਾਦ ਤੋਂ ਬਾਅਦ ਇਹ ਕਦਮ ਚੁਕਿਆ ਹੈ। ਪੁਲਿਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਨੇ ਦਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।