
ਪੰਜਾਬ ਵਿਚ ਔਸਤਨ 80 ਲੋਕਾਂ ਪਿੱਛੇ ਇਕ ਅਸਲਾ ਲਾਈਸੈਂਸ ਹੈ।
ਚੰਡੀਗੜ੍ਹ : ਪੰਜਾਬੀਆਂ ਨੂੰ ਅਸਲਾ ਰੱਖਣ ਦਾ ਬਹੁਤ ਸ਼ੌਂਕ ਹੈ ਤੇ ਇਸ ਮਾਮਲੇ ਵਿਚ ਪੰਜਾਬੀਆਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇਂ ਕੁੱਝ ਸਾਲਾਂ ਤੋਂ ਪੰਜਾਬ 'ਚ ਜਿੰਨੇ ਅਸਲਾ ਲਾਈਸੈਂਸ ਬਣੇ ਹਨ, ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ ’ਚ ਨਹੀਂ ਬਣੇ। ਉੱਤਰ ਪ੍ਰਦੇਸ਼ ’ਚ ਦੇਸ਼ ਭਰ ’ਚੋਂ ਸਭ ਤੋਂ ਵੱਧ 12.88 ਲੱਖ ਅਸਲਾ ਲਾਈਸੈਂਸ ਹਨ ਅਤੇ ਇੰਨੇ ਵੱਡੇ ਸੂਬੇ 'ਚ 2017 ਤੋਂ ਹੁਣ ਤੱਕ ਸਿਰਫ 15 ਹਜ਼ਾਰ ਨਵੇਂ ਲਾਈਸੈਂਸ ਅਸਲੇ ਬਣੇ ਹਨ, ਜਦਕਿ ਪੰਜਾਬ 'ਚ ਇਨ੍ਹਾਂ ਵਰ੍ਹਿਆਂ ਦੌਰਾਨ 30 ਹਜ਼ਾਰ ਤੋਂ ਵੱਧ ਅਸਲਾ ਲਾਈਸੈਂਸ ਬਣੇ ਹਨ।
ਦੋ ਸਾਲਾਂ ਦੌਰਾਨ ਹਰਿਆਣਾ 'ਚ ਸਿਰਫ 10,238 ਅਤੇ ਰਾਜਸਥਾਨ 'ਚ ਸਿਰਫ 6390 ਅਸਲਾ ਲਾਈਸੈਂਸ ਬਣੇ ਹਨ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਹਥਿਆਰਾਂ ਦੇ ਮਾਮਲੇ 'ਚ ਪੰਜਾਬ ਦੇਸ਼ ਭਰ ਵਿਚੋਂ ਤੀਜੇ ਨੰਬਰ 'ਤੇ ਹੈ। ਪਹਿਲਾ ਨੰਬਰ ਉੱਤਰ ਪ੍ਰਦੇਸ਼ ਦਾ ਹੈ, ਜਦੋਂ ਕਿ ਦੂਜਾ ਸਥਾਨ ਜੰਮੂ-ਕਸ਼ਮੀਰ ਦਾ ਹੈ। ਦੇਸ਼ ਭਰ 'ਚ 40 ਲੱਖ ਦੇ ਕਰੀਬ ਅਸਲਾ ਲਾਈਸੈਂਸ ਹਨ, ਜਦੋਂ ਕਿ ਪੰਜਾਬ 'ਚ ਹੁਣ ਅਸਲਾ ਲਾਈਸੈਂਸਾਂ ਦੀ ਗਿਣਤੀ 4 ਲੱਖ ਤੋਂ ਵੱਧ ਹੋ ਗਈ ਹੈ। ਪੰਜਾਬ 'ਚ 2017 ਦੌਰਾਨ 3,59,349 ਲੋਕਾਂ ਕੋਲ ਲਾਈਸੈਂਸੀ ਅਸਲਾ ਸੀ। ਇਸ ਤੋਂ ਪਹਿਲਾਂ 2011 'ਚ 3,23,492 ਲੋਕਾਂ ਕੋਲ ਅਸਲਾ ਸੀ। ਪੰਜਾਬ 'ਚ ਪਿਛਲੇਂ ਇਕ ਦਹਾਕੇ ਦੌਰਾਨ ਲਗਭਗ ਇਕ ਲੱਖ ਨਵੇਂ ਲਾਈਸੈਂਸ ਅਸਲੇ ਬਣੇ ਹਨ।
ਦੇਸ਼ ਭਰ ਵਿਚੋਂ ਪੰਜਾਬ ਅਸਲਾ ਲਾਈਸੈਂਸਾਂ ਦੇ ਮਾਮਲੇ ਵਿਚ ਤੀਸਰੇ ਸਥਾਨ 'ਤੇ ਹੈ, ਜਦੋਂ ਕਿ ਜੰਮੂ-ਕਸ਼ਮੀਰ 4.84 ਲੱਖ ਅਸਲਾ ਲਾਈਸੈਂਸਾਂ ਨਾਲ ਦੂਸਰੇ ਨੰਬਰ ’ਤੇ ਹੈ। ਜੰਮੂ-ਕਸ਼ਮੀਰ ਅਜਿਹਾ ਸੂਬਾ ਹੈ, ਜਿੱਥੇ ਪਿਛਲੇਂ ਚਾਰ ਵਰ੍ਹਿਆਂ ਦੌਰਾਨ ਦੇਸ਼ ਭਰ ’ਚੋਂ ਸਭ ਤੋਂ ਜ਼ਿਆਦਾ 1.75 ਲੱਖ ਅਸਲਾ ਲਾਈਸੈਂਸ ਬਣੇ ਹਨ।
ਦਿੱਲੀ ਵਿਚ ਅਸਲਾ ਲਾਈਸੈਂਸਾਂ ਦੀ ਗਿਣਤੀ 40,620 ਅਤੇ ਚੰਡੀਗੜ੍ਹ ਵਿਚ ਇਹ ਗਿਣਤੀ 80,858 ਹੈ। ਕੇਰਲ ਵਿਚ 10,600 ਅਸਲਾ ਲਾਈਸੈਂਸ ਹਨ, ਜਦੋਂ ਕਿ ਗੁਜਰਾਤ ਵਿਚ 63,138 ਅਸਲਾ ਲਾਈਸੈਂਸ ਹਨ।
ਪੰਜਾਬ ਵਿਚ ਇਸ ਵੇਲੇ ਕਰੀਬ 55 ਲੱਖ ਪਰਿਵਾਰ ਹਨ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਔਸਤਨ ਹਰ 14ਵੇਂ ਪਰਿਵਾਰ ਕੋਲ ਅਸਲਾ ਲਾਈਸੈਂਸ ਹਨ। ਪੰਜਾਬ ਵਿਚ ਔਸਤਨ 80 ਲੋਕਾਂ ਪਿੱਛੇ ਇਕ ਅਸਲਾ ਲਾਈਸੈਂਸ ਹੈ। ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਅਸਲਾ ਲਾਈਸੈਂਸ ਬਣਾਉਣ ਲਈ ਲੋਕ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਸਿਫਾਰਿਸ਼ਾਂ ਵੀ ਪਵਾਉਂਦੇ ਹਨ।