
ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਨੇ ਦੁਖੀ ਮਨ ਨਾਲ ਮਨਾਇਆ ਮੂਸੇਵਾਲਾ ਦਾ ਜਨਮ ਦਿਨ
ਮਾਨਸਾ, 11 ਜੂਨ (ਜਗਸੀਰ ਸਿੰਘ): ਪੰਜਾਬੀ ਫ਼ਿਲਮ ਇੰਡਸਟਰੀ ਦਾ ਵੱਡਾ ਨਾਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਸ ਨੇ ਬਾਲੀਵੁਡ ਹੀ ਨਹੀਂ ਹਾਲੀਵੁਡ ਤਕ ਵੀ ਅਪਣੀ ਪਹਿਚਾਣ ਬਣਾਈ | ਸਿੱਧੂ ਨੇ ਬਹੁਤ ਮਾੜਾ ਸਮਾਂ ਦੇਖਿਆ ਸੀ ਪਰ ਜਦੋਂ ਉਸ ਦਾ ਚੰਗਾ ਸਮਾਂ ਆਇਆ ਤਾਂ ਸ਼ਾਇਦ ਲੋਕ ਉਨ੍ਹਾਂ ਤੋਂ ਨਾਰਾਜ਼ ਹੋਣ ਲੱਗ ਗਏ ਤੇ ਪਿਛਲੇ ਦਿਨੀਂ ਉਨ੍ਹਾਂ ਦਾ ਕਤਲ ਕਰ ਦਿਤਾ ਗਿਆ | ਅੱਜ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ ਅਤੇ ਸਿੱਧੂ ਹਰ ਸਾਲ ਅਪਣਾ ਜਨਮ ਦਿਨ ਬੜੇ ਚਾਅ ਨਾਲ ਮਨਾਉਂਦਾ ਸੀ ਪਰ ਇਸ ਵਾਰ ਸਿੱਧੂ ਜਨਮ ਦਿਨ ਨਹੀਂ ਮਨਾ ਸਕਿਆ | ਸਿੱਧੂ ਨੂੰ ਚਾਹੁਣ ਵਾਲੇ ਦੂਰ-ਦੂਰ ਤੋਂ ਉਸ ਦੇ ਲਈ ਕੇਕ-ਤੋਹਫ਼ੇ ਲੈ ਕੇ ਆਉਂਦੇ ਸੀ ਪਰ ਸਿੱਧੂ ਦੀ ਮੌਤ ਨੇ ਸੱਭ ਨੂੰ ਤੋੜ ਕੇ ਰੱਖ ਦਿਤਾ |
ਅੱਜ ਸਿੱਧੂ ਦੇ ਪ੍ਰਵਾਰ ਵਲੋਂ ਅਪਣੇ ਖੇਤ ਵਿਚ ਬਣਾਈ ਗਈ ਸਿੱਧੂ ਦੀ ਯਾਦਗਾਰ ਤੇ ਨੌਜਵਾਨ ਦੁਖੀ ਮਨ ਨਾਲ ਕੇਕ ਕੱਟ ਰਹੇ ਹਨ ਅਤੇ ਸਿੱਧੂ ਨੂੰ ਯਾਦ ਕਰ ਰਹੇ ਹਨ | ਯਾਦਗਾਰ 'ਤੇ ਆਏ ਲੋਕਾਂ ਨੇ ਸਿੱਧੂ ਲਈ ਅਰਦਾਸ ਵੀ ਕੀਤੀ | ਉੱਥੇ ਹੀ ਸਿੱਧੂ ਦੇ ਪ੍ਰਵਾਰ ਦਾ ਬਹੁਤ ਬੁਰਾ ਹਾਲ ਹੈ | ਸਿੱਧੂ ਦੀ ਹਵੇਲੀ ਵਿਚ ਸੰਨਾਟਾ ਛਾਇਆ ਹੋਇਆ ਹੈ ਤੇ ਲੋਕ ਦੁੱਖ ਜ਼ਾਹਰ ਕਰਨ ਵੀ ਆ ਰਹੇ ਹਨ | ਸਿੱਧੂ ਮਾਪਿਆਂ ਦਾ ਇਕੱਲਾ ਪੁੱਤ ਸੀ | ਸਿੱਧੂ ਦੇ ਫ਼ੈਨ ਉਸ ਦੀ ਯਾਦ ਵਿਚ ਕਈ ਅਜਿਹੇ ਕੰਮ ਕਰ ਰਹੇ ਹਨ
ਜਿਸ ਤੋਂ ਹੋਰ ਨੌਜਵਾਨਾਂ ਨੂੰ ਚੰਗੀ ਸੇਧ ਮਿਲ ਸਕੇ | ਸਿੱਧੂ ਦੀ ਯਾਦ ਵਿਚ ਅੱਜ ਹਵੇਲੀ ਦੇ ਬਾਹਰ ਛਬੀਲ ਵੀ ਲਗਾਈ ਗਈ ਤਾਂ ਜੋ ਲੋਕ ਗਰਮੀ ਵਿਚ ਹਵੇਲੀ ਆ ਰਹੇ ਹਨ ਉਨ੍ਹਾਂ ਨੂੰ ਗਰਮੀ ਮਹਿਸੂਸ ਨਾ ਹੋਵੇ | ਸਿੱਧੂ ਦੀ ਹਵੇਲੀ ਵਿਚ ਇਕ ਅਲੱਗ ਥਾਂ ਬਣਾਈ ਗਈ ਹੈ ਜਿਥੇ ਆ ਕੇ ਲੋਕ ਕੇਕ ਕੱਟ ਰਹੇ ਹਨ ਤੇ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ |