
ਨਕਾਬਪੋਸ਼ ਗਹਿਣੇ ਤੇ ਕੈਸ਼ ਲੁੱਟ ਕੇ ਫਰਾਰ
ਮੋਗਾ : ਮੋਗਾ ਦੇ ਭੀੜ-ਭਾੜ ਵਾਲੇ ਬਾਜ਼ਾਰ ਰਾਮਗੰਜ ਮੰਡੀ ਵਿਚ ਦਿਨ-ਦਿਹਾੜੇ 5 ਨਕਾਬਪੋਸ਼ਾਂ ਨੇ ਏਸ਼ੀਅਨ ਜਿਊਲਰਜ਼ ’ਤੇ ਕੰਮ ਕਰ ਰਹੇ ਕਾਰੋਬਾਰੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਵਪਾਰੀ ਦੀ ਪਚਾਣ ਪਰਮਿੰਦਰ ਉਰਫ਼ ਵਿੱਕੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਪਹਿਲਾਂ ਸਮਾਨ ਲੈਣ ਦੇ ਬਹਾਨੇ ਆਏ ਸਨ ਅਤੇ ਫਿਰ ਅਚਾਨਕ ਇਨ੍ਹਾਂ ਨੇ ਸੁਨਿਆਰੇ ਨੂੰ ਗੋਲ਼ੀ ਮਾਰ ਦਿੱਤੀ ਅਤੇ ਕਾਊਂਟਰ ਵਿਚ ਰੱਖੀ ਨਗਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਇਹ ਵਾਰਦਾਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਲੁਟੇਰਿਆਂ ਦੇ ਮੂੰਹ ਵੀ ਕੈਦ ਹੋ ਗਏ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਹੈ। ਪਰ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਗੋਲ਼ੀ ਲੱਗਣ ਤੋਂ ਬਾਅਦ ਕਾਰੋਬਾਰੀ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਉੱਥੋਂ ਦੇ ਆਸ-ਪਾਸ ਦੇ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਬੈਠ ਗਏ ਹਨ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਲੋਕਾਂ ਨੇ ਸਾਰਾ ਬਾਜ਼ਾਰ ਬੰਦ ਕਰ ਦਿੱਤਾ ਹੈ ਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਹਨਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰਾ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਵਿਚ ਲੋਕ ਸੁਰੱਖਿਅਤ ਨਹੀਂ ਹਨ ਤੇ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ।