
ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਪੇਂਡੂ ਸਹਿਕਾਰੀ ਸੁਸਾਇਟੀਆਂ, ਸਿੰਜਾਈ ਦੀ ਤੁਪਕਾ ਪ੍ਰਣਾਲੀ ਤੇ ਫਸਲੀ ਵਿਭਿੰਨਤਾ ਲਈ ਵਿਸ਼ੇਸ਼ ਪੈਕੇਜ ਮੰਗਿਆ
ਚੰਡੀਗੜ: ਖੇਤੀਬਾੜੀ ਅਤੇ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਅਤੇ ਕੇਂਦਰੀ ਖੁਰਾਕ, ਜਨਤਕ ਵੰਡ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਮੰਤਰੀ ਨਾਲ ਮੁਲਾਕਾਤ ਕੀਤੀ। ਸਰਕਾਰੀ ਬੁਲਾਰੇ ਵੱਲੋਂ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਕਿ ਸ. ਰੰਧਾਵਾ ਨੇ ਸ੍ਰੀ ਤੋਮਰ ਨਾਲ ਉਨ੍ਹਾਂ ਦੇ ਸੰਸਦ ਭਵਨ ਸਥਿਤ ਦਫਤਰ ਵਿਖੇ ਪੰਜਾਬ ਦੇ ਸਹਿਕਾਰੀ ਅਦਾਰਿਆਂ ਮਾਰਕਫੈਡ, ਮਿਲਕਫੈਡ ਅਤੇ ਸ਼ੂਗਰਫੈੱਡ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮਸਲਿਆਂ ਬਾਰੇ ਮੀਟਿੰਗ ਕੀਤੀ।
Narendra Singh Tomar and Sukhjinder Singh Randhawa
ਸਹਿਕਾਰਤਾ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਅਦਾਰਿਆਂ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਸਬੰਧੀ ਵੇਰਵੇ ਸਹਿਤ ਦੱਸਦਿਆਂ ਪੰਜਾਬ ਦੀਆਂ ਪੇਂਡੂ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਖਾਸ ਕਰਕੇ ਸਰਹੱਦੀ ਖੇਤਰ ਵਿੱਚ ਸਥਿਤ ਸੁਸਾਇਟੀਆਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਉਨ੍ਹਾਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸੂਬੇ ਵਿੱਚ ਪਾਣੀ ਦੀ ਬੱਚਤ ਲਈ ਸਿੰਜਾਈ ਦੀ ਤੁਪਕਾ ਪ੍ਰਣਾਲੀ ਲਾਗੂ ਕਰਨ ਅਤੇ ਖੇਤੀਬਾੜੀ ਵਿਭਿੰਨਤਾ ਲਈ ਵੀ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਸ. ਰੰਧਾਵਾ ਨੇ ਕੇਂਦਰੀ ਮੰਤਰੀ ਨੂੰ ਸਹਿਕਾਰੀ ਵਿਭਾਗ ਵੱਲੋਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਰਾਹੀਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਸਹਿਯੋਗ ਦੀ ਮੰਗ ਕਰਦਿਆਂ ਉਕਤ ਮਸਲਿਆਂ ਸਬੰਧੀ ਵਿਚਾਰ ਕਰਨ ਲਈ ਸ੍ਰੀ ਤੋਮਰ ਨੂੰ ਵਿਸ਼ੇਸ਼ ਮੀਟਿੰਗ ਲਈ ਸਮਾਂ ਦੇਣ ਦੀ ਬੇਨਤੀ ਕੀਤੀ ਜਿਸ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ 26 ਜੁਲਾਈ ਨੂੰ ਸੰਸਦ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਇਸ ਸਬੰਧੀ ਮੀਟਿੰਗ ਕਰਨਗੇ।
Ram Vilas Paswan with Sukhjinder Singh Randhawa
ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਸਬੰਧੀ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕੀਤੇ ਜਾਣਗੇ। ਇਸ ਤੋਂ ਇਲਾਵਾ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਕ੍ਰਿਸ਼ੀ ਭਵਨ ਵਿਖੇ ਕੇਂਦਰੀ ਖੁਰਾਕ, ਜਨਤਕ ਵੰਡ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਮੰਤਰੀ ਨਾਲ ਮੁਲਾਕਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਗੁਰਦਾਸਪੁਰ ਅਤੇ ਬਟਾਲਾ ਵਿਖੇ ਆਧੁਨਿਕ ਤਕਨੀਕ ਦੇ ਸ਼ੂਗਰ ਕੰਪਲੈਕਸ ਜਿਸ ਵਿੱਚ ਖੰਡ ਦੇ ਉਤਪਾਦਨ ਤੋਂ ਇਲਾਵਾ ਇਥਨੋਲ, ਬਿਜਲੀ, ਸੀ.ਏ.ਐਨ.ਜੀ. ਦੇ ਉਤਪਾਦਨ ਲਈ ਵੀ ਪਲਾਂਟ ਲਗਾਏ ਜਾ ਰਹੇ ਹਨ ਜਿਸ ਲਈ ਉਨ੍ਹਾਂ ਸ੍ਰੀ ਪਾਸਵਾਨ ਨੂੰ ਐਸ.ਡੀ.ਐਫ. ਰਾਹੀਂ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ।
Sukhjinder Singh Randhawa calls on Union Ministers Tomar & Paswan
ਸ. ਰੰਧਾਵਾ ਨੇ ਭੋਗਪੁਰ ਮਿੱਲ ਨੂੰ ਐਸ.ਡੀ.ਐਫ. ਦਾ ਕਰਜਾ ਛੇਤੀ ਜਾਰੀ ਕਰਵਾਉਣ ਅਤੇ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਐਕਸਪੋਰਟ ਸਬਸਿਡੀ ਅਤੇ ਦੂਜੀਆਂ ਸਬਸਿਡੀਆਂ ਛੇਤੀ ਜਾਰੀ ਕਰਵਾਉਣ ਲਈ ਕਿਹਾ ਤਾਂ ਜੋ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਕੀਮਤ ਦੀ ਬਕਾਇਆ ਰਾਸ਼ੀ ਛੇਤੀ ਜਾਰੀ ਕੀਤੀ ਜਾ ਸਕੇ। ਸ. ਪਾਸਵਾਨ ਵੱਲੋਂ ਸ. ਰੰਧਾਵਾ ਨੂੰ ਉਪਰੋਕਤ ਮਸਲਿਆਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਕਿਸਾਨਾਂ ਖਾਸ ਕਰਕੇ ਸਰਹੱਦੀ ਖੇਤਰ ਨਾਲ ਸਬੰਧਤ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ। ਇਸ ਮੌਕੇ ਨੈਸ਼ਨਲ ਫੈਡਰੇਸ਼ਨ ਆਫ ਕੋਆਪਰੇਸ਼ਨ (ਸ਼ੂਗਰ ਫੈਕਟਰੀਜ਼) ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਪ੍ਰਕਾਸ਼ ਨਾਇਕਨਵਾਰੇ, ਸ਼ੂਗਰਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਦਵਿੰਦਰ ਸਿੰਘ, ਜਨਰਲ ਮੈਨੇਜਰ ਸ੍ਰੀ ਹਰਬਖ਼ਸ਼ ਸਿੰਘ, ਖੰਡ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਡਾ.ਐਸ.ਪੀ.ਸਿੰਘ, ਖੰਡ ਮਿੱਲ ਗੁਰਦਾਸਪੁਰ ਦੇ ਜਨਰਲ ਮੈਨੇਜਰ ਸ੍ਰੀ ਸੁਰਿੰਦਰਪਾਲ ਅਤੇ ਸ਼ੂਗਰਫੈਡ ਦੇ ਡਿਪਟੀ ਚੀਫ ਇੰਜਨੀਅਰ ਸ੍ਰੀ ਕੰਵਲਜੀਤ ਸਿੰਘ ਵੀ ਹਾਜ਼ਰ ਸਨ।