ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪ੍ਰੋਗਰਾਮ ਦੌਰਾਨ ਕੀਤਾ ਐਲਾਨ
ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਮੁੜ ਕੁੱਝ ਸਖ਼ਤ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਇਸ ਸਬੰਧੀ ਸੰਕੇਤ ਖੁਦ ਕੈਪਟਨ ਅਮਰਿੰਦਰ ਸਿੰਘ ਵਲੋਂ ਅਪਣੇ ਸੋਸ਼ਲ ਮੀਡੀਆ ਪ੍ਰੋਗਰਾਮ 'ਚ ਗੱਲਬਾਤ ਦੌਰਾਨ ਦਿਤੇ ਗਏ ਹਨ। ਬੀਤੇ ਦਿਨਾਂ ਦੌਰਾਨ ਪੰਜਾਬ ਅੰਦਰ ਜਿਸ ਤਰ੍ਹਾਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਕਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫ਼ਾ ਹੋ ਰਿਹਾ ਹੈ, ਉਸ ਤੋਂ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਵੀ ਚਿੰਤਾ 'ਚ ਹੈ।
ਸਰਕਾਰ ਵਲੋਂ ਪਹਿਲਾਂ ਚੁੱਕੇ ਕਦਮਾਂ ਤਹਿਤ ਸਨਿੱਚਰਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਬਾਅਦ 'ਚ ਕੁੱਝ ਢਿੱਲ ਦਿਤੀ ਗਈ ਸੀ। ਸਰਕਾਰ ਵਲੋਂ ਲੋਕਾਂ ਨੂੰ ਵਾਰ-ਵਾਰ ਸਾਵਧਾਨੀਆਂ ਵਰਤਣ ਲਈ ਕਹਿਣ ਦੇ ਬਾਵਜੂਦ ਗਲੀਆਂ ਬਜ਼ਾਰਾਂ ਅੰਦਰ ਭੀੜਾਂ 'ਚ ਕੋਈ ਕਮੀ ਨਹੀਂ ਆ ਰਹੀ। ਇਸ ਨੂੰ ਵੇਖਦਿਆਂ ਸਰਕਾਰ ਨੇ ਹੁਣ ਮੁੜ ਤੋਂ ਕੁੱਝ ਸਖ਼ਤ ਕਦਮ ਚੁਕਣ ਦਾ ਮੰਨ ਬਣਾ ਲਿਆ ਹੈ, ਜਿਸ ਸਬੰਧੀ ਨਵੀਆਂ ਹਦਾਇਤਾਂ ਭਲਕੇ ਦਿਤੇ ਜਾਣ ਦੀ ਉਮੀਦ ਹੈ।
ਮੁੱਖ ਮੰਤਰੀ ਮੁਤਾਬਕ ਪੰਜਾਬ ਅੰਦਰਲੇ ਹਾਲਾਤ ਭਾਵੇਂ ਬਾਕੀ ਸੂਬਿਆਂ ਨਾਲੋਂ ਬਿਹਤਰ ਹਨ, ਫਿਰ ਵੀ ਖ਼ਤਰਾਂ ਅਜੇ ਟਲਿਆਂ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਜਿਸ ਤਰ੍ਹਾਂ ਕਈ ਪ੍ਰਸਿੱਧ ਹਸਤੀਆਂ ਦੇ ਵੀ ਕਰੋਨਾ ਤੋਂ ਪੀੜਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਨੂੰ ਹੋਰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
ਮੁੱਖ ਮੰਤਰੀ ਮੁਤਾਬਕ ਸੂਬੇ ਅੰਦਰ ਕਰੋਨਾ ਕੇਸਾ 'ਚ ਇਜ਼ਾਫ਼ਾ ਸੂਬੇ 'ਚ ਬਾਹਰੋਂ ਆ ਰਹੇ ਲੋਕਾਂ ਨਾਲ ਹੋ ਰਿਹਾ ਹੈ। ਇਸ ਲਈ ਸਰਕਾਰ ਇਸ ਸਬੰਧੀ ਵੀ ਕਦਮ ਚੁੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣ ਦੇਣਾ ਚਾਹੁੰਦੇ, ਇਸ ਲਈ ਭਲਕੇ ਤੋਂ ਕੁੱਝ ਸਖ਼ਤ ਕਦਮ ਚੁੱਕੇ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਧੇਰੇ ਗਿਣਤੀ 'ਚ ਇਕੱਠੇ ਹੋਣ ਵਰਗੇ ਮੁੱਦਿਆਂ ਸਬੰਧੀ ਨਵੀਆਂ ਗਾਇਡ ਲਾਈਨਾਂ ਜਾਰੀ ਕੀਤੀਆਂ ਜਾਣਗੀਆਂ।
ਕਾਬਲੇਗੌਰ ਹੈ ਕਿ ਪੰਜਾਬ ਸਰਕਾਰ ਕਰੋਨਾ ਵਾਇਰਸ ਨੂੰ ਲੈ ਕੇ ਸ਼ੁਰੂ ਤੋਂ ਹੀ ਇਤਿਆਤੀ ਕਦਮ ਚੁਕਦੀ ਆ ਰਹੀ ਹੈ। ਪੰਜਾਬ ਪਹਿਲਾਂ ਸੂਬਾ ਸੀ, ਜਿੱਥੇ ਕਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਹਿਤ ਸਭ ਤੋਂ ਪਹਿਲਾਂ ਕਰਫਿਊ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਅੰਦਰ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਸੀ, ਜਿਸ ਦੇ ਫ਼ਲਸਰੂਪ ਪੰਜਾਬ ਅੰਦਰ ਸਥਿਤੀ ਵਿਸਫੋਟਕ ਬਣਨ ਤੋਂ ਬਚਾਅ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।