
ਮਾਮਲਾ ਮਹਾਰਾਜੇ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ
ਕੋਟਕਪੂਰਾ, 11 ਜੁਲਾਈ (ਗੁਰਿੰਦਰ ਸਿੰਘ): ਫ਼ਰੀਦਕੋਟ ਰਿਆਸਤ, ਰਾਜ ਮਹਿਲ ਅਤੇ ਕਿਲ੍ਹਾ ਮੁਬਾਰਕ ਅੰਦਰ ਕੁੱਝ ਵਿਅਕਤੀਆਂ ਦੇ ਨਾਜਾਇਜ਼ ਤੌਰ 'ਤੇ ਕਾਬਜ਼ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਇਕ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਬਜ਼ੇ ਲਈ ਆਏ ਵਿਅਕਤੀਆਂ ਨੂੰ ਸਖ਼ਤ ਹਦਾਇਤਾਂ ਕਰ ਦਿਤੀਆਂ ਕਿ ਜਦੋਂ ਤਕ ਕੋਈ ਅਦਾਲਤੀ ਹੁਕਮ ਨਹੀਂ ਆਉਂਦਾ ਤੇ ਜਿੰਨੀ ਦੇਰ ਮਾਮਲੇ ਦੀ ਤਫ਼ਤੀਸ਼ ਲਈ ਬਿਠਾਈ ਗਈ ਐਸ.ਆਈ.ਟੀ. ਦੀ ਪੜਤਾਲ ਪੂਰੀ ਨਹੀਂ ਹੁੰਦੀ, ਉਦੋਂ ਤਕ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ 'ਚ ਕੋਈ ਦਖ਼ਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੂਜੇ ਪਾਸੇ ਸਾਬਕਾ ਐਮ.ਪੀ. ਪ੍ਰੋ. ਸਾਧੂ ਸਿੰਘ ਅਤੇ 'ਆਪ' ਆਗੂ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਵਿਚ ਅੱਜ ਕਿਲ੍ਹਾ ਮੁਬਾਰਕ ਚੌਕ 'ਚ ਇਕੱਤਰ ਹੋਏ ਸ਼ਹਿਰ ਦੇ ਪਤਵੰਤਿਆਂ ਤੇ ਨਾਮਵਰ ਹਸਤੀਆਂ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਜਦੋਂ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਕੁੱਝ ਦਿਨ ਪਹਿਲਾਂ ਧੋਖਾਧੜੀ ਦਾ ਮਾਮਲਾ ਵੀ ਦਰਜ ਹੋਇਆ ਹੈ ਤਾਂ ਫਿਰ ਗੁੰਡਾਗਰਦੀ ਬਰਦਾਸ਼ਤ ਕਰਨੀ ਔਖੀ ਹੋ ਰਹੀ ਹੈ। ਉਕਤ ਘਟਨਾਵਾਂ ਨੂੰ ਵੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਫ਼ਰੀਦਕੋਟ ਰਿਆਸਤ ਦੀ ਵਿਰਾਸਤ ਦਾ ਝਗੜਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਟੁੱਟਣ ਤੋਂ ਬਾਅਦ ਕੁੱਝ ਵਿਅਕਤੀਆਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਿਆਸਤ ਦੇ ਰਾਜ ਮਹਿਲ ਅਤੇ ਕਿਲਾ ਮੁਬਾਰਕ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਰਾਜ ਮਹਿਲ ਅਤੇ ਕਿਲ੍ਹਾ ਮੁਬਾਰਕ 'ਚੋਂ 6 ਵਿਅਕਤੀਆਂ ਨੂੰ ਕੋਤਵਾਲੀ ਲਿਆ ਕੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਜਿੰਨੀ ਦੇਰ ਇਸ ਮਾਮਲੇ ਦੀ 'ਸਿਟ' ਜਾਂਚ ਕਰ ਰਹੀ ਹੈ, ਉਨ੍ਹੀ ਦੇਰ ਦੁਬਾਰਾ ਉਹ ਇਨਾਂ ਇਮਾਰਤਾਂ ਜਾਂ ਮਹਾਰਾਜਾ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ।
File
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 1 ਜੂਨ ਨੂੰ ਫ਼ਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੈਰ-ਕਾਨੂੰਨੀ ਐਲਾਨਦਿਆਂ ਰਿਆਸਤ ਦੀ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਵਾਰਕ ਮੈਂਬਰਾਂ ਨੂੰ ਬਣਾ ਦਿਤਾ ਸੀ, ਜਦਕਿ ਇਸ ਤੋਂ ਪਹਿਲਾਂ ਰਿਆਸਤ ਦੀ ਕੁਲ ਜਾਇਦਾਦ ਦੀ ਸਾਂਭ-ਸੰਭਾਲ ਵਸੀਅਤ ਮੁਤਾਬਕ ਮਹਾਰਾਵਲ ਖੇਵਾ ਜੀ ਟਰੱਸਟ ਕਰ ਰਿਹਾ ਸੀ। ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਗੀਰ ਸਿੰਘ ਸਰਾਂ ਨੇ ਕਿਹਾ ਕਿ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਰਾਜੇ ਦੀ ਵਸੀਅਤ ਨੂੰ ਚੁਣੌਤੀ ਦਿਤੀ ਸੀ
ਅਤੇ ਇਹ ਕਾਨੂੰਨੀ ਕਾਰਵਾਈ ਲੜਨ ਦੇ ਅਧਿਕਾਰ ਉਸ ਨੇ ਤੀਜੀ ਧਿਰ ਨੂੰ ਸੌਂਪ ਦਿਤੇ। ਉਸੇ ਤੀਜੀ ਧਿਰ ਨੇ ਰਾਜ ਮਹਿਲ ਅਤੇ ਕਿਲੇ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜ਼ਿਲਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਫਿਲਹਾਲ ਕਬਜ਼ੇ ਦੇ ਵਰੰਟ ਕਿਸੇ ਦੇ ਹੱਕ 'ਚ ਜਾਰੀ ਨਹੀਂ ਕੀਤੇ। ਇਸ ਲਈ ਗ਼ੈਰਕਾਨੂੰਨੀ ਤਰੀਕੇ ਨਾਲ ਕਿਸੇ ਵਿਅਕਤੀ ਨੂੰ ਕਬਜ਼ਾ ਲੈਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਰਾਜ ਮਹਿਲ ਦੇ ਮੁਲਾਜ਼ਮਾਂ ਨੇ ਵਿਵਾਦ ਤੋਂ ਬਾਅਦ ਰਾਜ ਮਹਿਲ ਅਤੇ ਕਿਲ੍ਹੇ ਦਾ ਗੇਟ ਬੰਦ ਕਰ ਦਿਤਾ ਹੈ।