
ਭਾਖੜਾ ਬੰਨ੍ਹ ਵਿਚ ਘਟੀ ਪਾਣੀ ਦੀ ਆਮਦ
ਨੰਗਲ : ਬੀਤੇ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਬਾਰਸ਼ ਕਾਰਨ ਨਦੀਆਂ ਅਤੇ ਬੰਨ੍ਹ ਨੱਕੋ-ਨੱਕ ਵਗ ਰਹੇ ਹਨ ਜਿਸ ਦੇ ਚਲਦੇ ਕੱਲ੍ਹ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਇਕ ਪੱਤਰ ਜਾਰੀ ਕਰ ਕੇ ਸਤਲੁਜ ਦਰਿਆ ਵਿਚ 13 ਜੁਲਾਈ ਨੂੰ 30 ਹਜ਼ਾਰ ਕਿਊਸਿਕ ਪਾਣੀ ਛੱਡਣ ਦੀ ਗੱਲ ਕਹਿਣ ਤੋਂ ਬਾਅਦ ਅਜ ਪੂਰਾ ਦਿਨ ਸ਼ੋਸ਼ਲ ਮੀਡੀਆਂ ਵਿਚ ਅਫ਼ਵਾਹਾਂ ਦਾ ਬਜ਼ਾਰ ਗਰਮ ਰਿਹਾ।
ਇਸੇ ਦੌਰਾਨ ਭਾਵੇਂ ਅਧਿਕਾਰਿਤ ਤੌਰ 'ਤੇ ਬੀ.ਬੀ.ਐਮ.ਬੀ. ਦੇ ਕਿਸੇ ਅਧਿਕਾਰੀ ਨੇ ਪੱਤਰਕਾਰ ਸੰਮੇਲਨ ਬੁਲਾ ਕੇ ਪਾਣੀ ਛੱਡਣ ਵਾਲੇ ਪੱਤਰ ਨੂੰ ਤਿੰਨ ਦਿਨ ਲਈ ਮੁਲਤਵੀ ਕਰਨ ਦੀ ਗੱਲ ਨਹੀਂ ਕਹੀ ਪਰ ਸੂਤਰਾਂ ਨੇ ਇਹ ਗੱਲ ਪੱਕੀ ਕਰ ਦਿਤੀ ਹੈ ਕਿ ਪਾਣੀ ਨਹੀਂ ਛਡਿਆ ਜਾਵੇਗਾ।
ਇਥੇ ਇਹ ਦਸਣਾ ਵੀ ਬਣਦਾ ਹੈ ਕਿ ਭਾਖੜਾ ਡੈਮ ਤੋਂ ਪਾਣੀ ਛੱਡਣ ਜਾਂ ਨਾ ਛੱਡਣ ਦਾ ਫ਼ੈਸਲਾ ਵਿਭਾਗ ਵਲੋਂ ਬਣਾਈ ਇਕ ਤਕਨੀਕੀ ਟੀਮ ਕਰਦੀ ਹੈ ਅਤੇ ਜੇਕਰ ਇਹ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਵੀ ਜਾਂਦਾ ਤਾਂ ਇਸ ਨਾਲ ਕੋਈ ਫਰਕ ਨਹੀ ਪੈਣਾ ਸੀ ਕਿਉਂਕਿ ਜਿਥੇ ਸਵਾਂ ਨਦੀ ਬਿਲਕੁਲ ਖ਼ਾਲੀ ਸੀ ਉਥੇ ਹੀ ਇਹ ਪਾਣੀ ਇੱਕਠਾ ਨਾ ਛੱਡ ਕੇ ਟੁਕੜਿਆਂ ਵਿਚ ਛੱਡਿਆ ਜਾਣਾ ਸੀ। ਦੂਸਰੇ ਪਾਸੇ ਭਾਖੜਾ ਡੈਮ ਵਿਚ ਵੀ ਪਾਣੀ ਦੇ ਪਧਰ ਵਿਚ ਖੜੋਤ ਆ ਗਈ ਅਤੇ ਅਜ ਦੁਪਿਹਰ ਤਕ ਭਾਖੜਾ ਡੈਮ ਦਾ ਪਾਣੀ ਦਾ ਪਧਰ 1629.58 ਫ਼ੁਟ ਸੀ ਜਦ ਕਿ ਪਾਣੀ ਦੀ ਆਮਦ 62048 ਕਿਊਸਿਕ ਹੀ ਰਹਿ ਗਈ ਹੈ ਜਦੋ ਕਿ ਪਿਛਲੇ ਦਿਨਾਂ ਵਿਚ ਇਹ ਗਿਣਤੀ ਲੱਖਾਂ ਵਿਚ ਸੀ।