
ਸੁਮੇਧ ਸੈਣੀ ਦੀ ਜ਼ਮਾਨਤ 'ਤੇ ਫ਼ੈਸਲਾ ਅੱਜ
ਦੋਵੇਂ ਧਿਰਾਂ ਦੀ ਲੰਮੀ ਬਹਿਸ ਉਪਰੰਤ ਹੁਕਮ ਰਾਖਵਾਂ ਕੀਤਾ
ਚੰਡੀਗੜ੍ਹ, 11 ਅਗੱਸਤ (ਸੁਰਜੀਤ ਸਿੰਘ ਸੱਤੀ): ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਪੰਜਾਬ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਬੁਧਵਾਰ ਨੂੰ ਲੰਮੀ ਬਹਿਸ ਉਪਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਵਨੀਸ਼ ਝੀਂਗਣ ਦੀ ਬੈਂਚ ਨੇ ਅਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਹੈ ਤੇ ਹੁਕਮ ਅੱਜ ਵੀਰਵਾਰ ਨੂੰ ਸੁਣਾਇਆ ਜਾਵੇਗਾ | ਵੀਰਵਾਰ ਨੂੰ ਸਾਫ਼ ਹੋ ਜਾਏਗਾ ਕਿ ਸੈਣੀ ਨੂੰ ਇਸ ਕੇਸ ਵਿਚ ਜ਼ਮਾਨਤ ਮਿਲਦੀ ਹੈ ਜਾਂ ਅਰਜ਼ੀ ਰੱਦ ਹੁੰਦੀ ਹੈ | ਉਸ ਨੇ ਅਗਾਊਾ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ ਤੇ ਪੈਰਵੀ ਦੇਸ਼ ਦੇ ਚੋਟੀ ਦੇ ਵਕੀਲਾਂ 'ਚ ਸ਼ੁਮਾਰ ਮੁਕੁਲ ਰੋਹਤਗੀ ਨੇ ਕੀਤੀ | ਦੂਜੇ ਪਾਸੇ ਸਰਕਾਰ ਵਲੋਂ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਬਹਿਸ ਕੀਤੀ ਤੇ ਵਿਸ਼ੇਸ਼ ਪਬਲਿਕ ਪ੍ਰਾਸੀਕਿਊਟਰ ਸਰਤੇਜ ਸਿੰਘ ਨਰੂਲਾ ਨੇ ਵੀ ਬਹਿਸ ਵਿਚ ਹਿੱਸਾ ਪਾਇਆ | ਜਿਥੇ ਸੈਣੀ ਦੇ ਵਕੀਲਾਂ ਨੇ ਪੈਰਵੀ ਕੀਤੀ ਕਿ ਉਸ ਨੇ ਆਪਣੇ ਸੇਵਾਕਾਲ ਵਿਚ ਕੈਪਟਨ ਅਮਰਿੰਦਰ ਸਿੰਘ ਵਿਰੁਧ ਵਿਜੀਲੈਂਸ ਮਾਮਲਿਆਂ ਦੀ ਜਾਂਚ ਕੀਤੀ ਸੀ ਤੇ ਇਸੇ ਕਾਰਨ ਉਸ ਵਿਰੁਧ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਮਾਮਲਾ ਦਰਜ ਕੀਤਾ ਗਿਆ, ਜਦੋਂਕਿ ਸਰਕਾਰ ਵਲੋਂ ਪੇਸ਼ ਵਕੀਲਾਂ ਨੇ ਕਿਹਾ ਕਿ ਸਰੋਤਾਂ ਤੋਂ ਵੱਧ ਆਮਦਨ ਦੇ ਸਬੂਤ ਹਨ ਤੇ ਸੈਣੀ ਕੋਲੋਂ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ | ਬਹਿਸ ਉਪਰੰਤ ਬੈਂਚ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਤੇ ਵੀਰਵਾਰ ਨੂੰ ਹੁਕਮ ਸੁਣਾਉਣ ਲਈ ਤਰੀਕ ਤੈਅ ਕਰ ਦਿਤੀ ਹੈ |