
ਡਾ. ਐਚ.ਐਸ ਕਾਹਲੋਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਡਾਇਰੈਕਟਰ ਵਜੋਂ ਹੋਏ ਪਦਉਨਤ
ਚੰਡੀਗੜ੍ਹ, 11 ਅਗੱਸਤ (ਪ.ਪ.) : ਡਾ: ਹਰਬਿੰਦਰ ਸਿੰਘ ਕਾਹਲੋਂ ਨੂੰ ਪੰਜਾਬ ਸਰਕਾਰ ਵਲੋਂ ਡਾਇਰੈਕਟਰ, ਪਸ਼ੂ ਪਾਲਣ ਪੰਜਾਬ ਦੇ ਅਹੁਦੇ 'ਤੇ ਪਦਉਨਤ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਇਸ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ |
ਇਸ ਮੌਕੇ ਪੰਜਾਬ ਸਟੇਟ ਵੈਟਰਨਰੀ ਆਫ਼ਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਨੇ ਡਾ. ਐਚ.ਐਸ ਕਾਹਲੋਂ ਨੂੰ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਨਿਯਮਤ ਡਾਇਰੈਕਟਰ ਵਜੋਂ ਤਰੱਕੀ ਮਿਲਣ 'ਤੇ ਵਧਾਈ ਦਿਤੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ, ਪਸ਼ੂ ਪਾਲਣ ਮੰਤਰੀ ਪੰਜਾਬ ਅਤੇ ਸ. ਵੀ.ਕੇ. ਜੰਜੂਆ, ਆਈ.ਏ.ਐਸ, ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ ਵਿਭਾਗ ਦਾ ਤਹਿ ਦਿਲੋਂ ਧਨਵਾਦ ਕੀਤਾ |
ਇਸ ਮੌਕੇ ਡਾ. ਰੰਧਾਵਾ ਨੇ ਪ੍ਰੈਸ ਨੂੰ ਦਸਿਆ ਕਿ ਡਾ. ਐਚ ਐਸ ਕਾਹਲੋਂ ਨੂੰ ਵਿਭਾਗ ਦੇ ਸਾਰੇ ਖੇਤਰਾਂ ਵਿਚ ਵਿਸ਼ਾਲ ਤਜਰਬਾ ਹਾਸਲ ਹੈ | ਇਨ੍ਹਾਂ ਵਿਚੋਂ ਵਿਭਾਗ ਦੇ ਸੱਭ ਤੋਂ ਵੱਕਾਰੀ ਸਮਾਗਮਾਂ ਵਿਚੋਂ ਇਕ Tਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ'' ਦਾ ਆਯੋਜਨ ਕਰਨਾ ਸ਼ਾਮਲ ਹੈ | ਪੰਜਾਬ ਸਰਕਾਰ ਦੁਆਰਾ ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ ਟੈਸਟਿੰਗ ਲੈਬ ਦੀ ਸਥਾਪਨਾ ਡਾ. ਕਾਹਲੋਂ ਦੇ ਬਤੌਰ ਸੰਯੁਕਤ ਡਾਇਰੈਕਟਰ, ਰੀਜ਼ਨਲ ਡਿਜ਼ੀਜ਼ ਡਾਇਗਨੋਸਟਿਕ ਲੈਬਾਰਟਰੀ (ਆਰਡੀਡੀਐਲ) ਜਲੰਧਰ ਦੇ ਕਾਰਜਕਾਲ ਦੌਰਾਨ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਲੱਖਾਂ ਆਰ.ਟੀ-ਪੀਸੀਆਰ ਟੈਸਟ ਕੀਤੇ ਗਏ ਸਨ | ਸਾਨੂੰ ਉਮੀਦ ਹੈ ਕਿ ਡਾ. ਕਾਹਲੋਂ ਬਤੌਰ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਵਜੋਂ ਅਪਣੇ ਲੰਮੇ ਤਜਰਬੇ ਨਾਲ ਵਿਭਾਗ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ |
ਡਾ. ਰੰਧਾਵਾ ਤੋਂ ਇਲਾਵਾ ਡਾ. ਐਚ.ਐਸ ਕਾਹਲੋਂ ਦੇ ਪਦ ਉੱਨਤ ਹੋਣ 'ਤੇ ਡਾ. ਦਰਸ਼ਨ ਖੇੜੀ, ਡਾ. ਗੁਰਦੇਵ ਸਿੰਘ, ਡਾ. ਅਮਿਤ ਨੈਨ, ਡਾ. ਸਰਬਦੀਪ ਸਿੰਘ, ਡਾ. ਰਵੀਕਾਂਤ ਡਾ: ਐਮਪੀ ਸਿੰਘ, ਡਾ. ਗਗਨਦੀਪ ਕੌਸਲ ਅਤੇ ਡਾ. ਸੁਖਹਰਮਨ ਸਿੰਘ ਨੇ ਵੀ ਹਾਰਦਿਕ ਵਧਾਈ ਦਿਤੀ |