
ਸ਼ੋ੍ਰਮਣੀ ਕਮੇਟੀ ਦੇ ਅਧਿਕਾਰਤ 'ਜਥੇਦਾਰ' ਤਾਂ 'ਛੇਕੂ ਹੁਕਮਨਾਮਿਆਂ' ਤੋਂ ਪ੍ਰਹੇਜ਼ ਕਰਨ ਲੱਗੇ
ਪਰ ਅਣ-ਅਧਿਕਾਰਤ ਤੇ ਆਪੇ ਬਣੇ 'ਜਥੇਦਾਰ' ਹੁਣ 'ਹੁਕਮਨਾਮੇ' ਚਲਾਉਣਗੇ
ਦੋ ਮੰਤਰੀਆਂ ਤੇ ਤਿੰਨ ਕਾਂਗਰਸੀ ਵਿਧਾਇਕਾਂ ਵਿਰੁਧ ਹੁਕਮਨਾਮਾ 20 ਨੂੰ ਜਾਰੀ ਹੋਵੇਗਾ : ਭਾਈ ਮੰਡ
ਅੰਮਿ੍ਤਸਰ, 11 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਪਿਛਲੇ ਕੁੱਝ ਸਮੇਂ ਤੋਂ, ਅਪਣੇ ਕਥਿਤ ਹੁਕਮਨਾਮਿਆਂ ਦੀ ਸਿੱਖ ਜਨਤਾ ਵਿਚ ਹੋਈ ਬੇਕਦਰੀ ਕਾਰਨ ਸ਼ੋ੍ਰਮਣੀ ਕਮੇਟੀ ਦੇ ਅਧਿਕਾਰਤ 'ਜਥੇਦਾਰ' ਤਾਂ ਹੁਣ 'ਛੇਕੂ ਹੁਕਮਨਾਮੇ' ਜਾਰੀ ਕਰਨ ਤੋਂ ਪ੍ਰਹੇਜ਼ ਕਰਦੇ ਨਜ਼ਰ ਆ ਰਹੇ ਹਨ (ਸਖ਼ਤ ਭਾਸ਼ਾ ਸੁਣ ਸੁਣ ਕੇ ਵੀ) ਪਰ ਭਾਈ ਮੰਡ ਵਰਗੇ ਅਣਅਧਿਕਾਰਤ ਤੇ ਆਪੇ ਬਣੇ 'ਜਥੇਦਾਰ' ਹੁਣ ਹੁਕਮਨਾਮਿਆਂ ਦਾ ਸਹਾਰਾ ਲੈਣਗੇ ਹਾਲਾਂਕਿ ਸਿੱਖੀ ਇਨ੍ਹਾਂ ਨੂੰ ਤੇ ਸ਼ੋ੍ਰਮਣੀ ਕਮੇਟੀ ਦੇ ਤਨਖ਼ਾਹਦਾਰ ਜਥੇਦਾਰਾਂ ਦੋਹਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਦੇਂਦੀ | ਵਰਲਡ ਸਿੱਖ ਕਨਵੈਨਸ਼ਨ, 2003 ਨੇ ਠੋਕ ਵਜਾ ਕੇ ਇਹ ਫ਼ੈਸਲਾ ਦਿਤਾ ਸੀ ਤੇ ਸਿੱਖ ਪੰਥ ਦੀ ਬਹੁਗਿਣਤੀ ਨੇ ਇਸ ਦੀ ਪ੍ਰੋੜਤਾ ਕੀਤੀ ਸੀ |
ਭਾਈ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਸਰਬੱਤ ਖ਼ਾਲਸਾ ਵਲੋਂ ਬਖ਼ਸ਼ੀ ਸੇਵਾ ਨੂੰ ਧਿਆਨ 'ਚ ਰਖਦਿਆਂ ਪੰਥਕ ਸਿਧਾਂਤਾਂ ਅਤੇ ਪੰਚ ਪ੍ਰਧਾਨੀ ਮਰਿਆਦਾ ਅਨੁਸਾਰ ਉਕਤ ਪੰਜ ਸਰਕਾਰੀ ਦੂਤਾਂ ਕੋਲੋਂ ਇਸ ਦਾ ਸਪੱਸ਼ਟੀਕਰਨ ਲੈਣ ਵਾਸਤੇ 2 ਅਗੱਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਸੀ | ਪ੍ਰੰਤੂ ਇਨ੍ਹਾਂ ਵਲੋਂ ਇਕ ਸ਼ਰਾਰਤ ਪੂਰਨ ਪੱਤਰ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਪੰਥ ਦੇ ਅੱਖੀਂ ਘੱਟਾ ਪਾਉਣ ਦਾ ਗੁਨਾਹ ਵੀ ਕੀਤਾ ਗਿਆ | 11 ਅਗੱਸਤ ਨੂੰ ਇਕ ਮੌਕਾ ਹੋਰ ਦਿਤਾ ਗਿਆ ਸੀ ਪਰ ਇਨ੍ਹਾਂ ਨੇ ਆਉਣਾ ਵਾਜਬ ਨਹੀਂ ਸਮਝਿਆ | ਉਨ੍ਹਾਂ ਕਿਹਾ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾਉਂਦਿਆਂ ਕਾਂਗਰਸ ਅਤੇ ਉਸ ਦੇ ਇਨ੍ਹਾਂ ਦੂਤਾਂ ਦੀ ਇਸ ਕਾਰਵਾਈ 'ਤੇ 17 ਅਗੱਸਤ ਨੂੰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਚੋਣਵੇਂ ਪੰਥਕ ਨੁਮਾਇੰਦਿਆਂ ਦੀ ਮੀਟਿੰਗ ਸੱਦ ਕੇ ਗੁਰਮਤਾ ਸੋਧਿਆ ਜਾਵੇਗਾ ਅਤੇ 20 ਅਗੱਸਤ ਨੂੰ ਹੁਕਮਨਾਮਾ ਜਾਰੀ ਕੀਤਾ ਜਾਵੇਗਾ |
ਇਸ ਮੌਕੇ ਜਰਨੈਲ ਸਿੰਘ ਸਖੀਰਾ, ਬਾਬਾ ਨੱਛਤਰ ਸਿੰਘ ਕਲਰ ਭੈਣੀ, ਬਾਬਾ ਹਿੰਮਤ ਸਿੰਘ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਨਸੀਬ ਸਿੰਘ, ਹਰਬੀਰ ਸਿੰਘ ਸੰਧੂ ਆਦਿ ਮੌਜੂਦ ਸਨ | ਯਾਦ ਰਹੇ, ਪੰਥਕ ਧਿਰਾਂ ਨੇ ਮੋਰਚਾ ਅਚਾਨਕ ਖ਼ਤਮ ਕਰਨ ਦਾ ਦੋਸ਼ੀ ਭਾਈ ਮੰਡ ਨੂੰ ਹੀ ਠਹਿਰਾਇਆ ਸੀ |