
ਜਿਸ ਤਰ੍ਹਾਂ ਕੇਂਦਰ ਮੁਫ਼ਤ ਸਹੂਲਤਾਂ ਦਾ ਵਿਰੋਧ ਕਰ ਰਿਹੈ, ਲਗਦੈ ਵਿੱਤੀ ਸਥਿਤੀ ਗੰਭੀਰ ਹੈ : ਕੇਜਰੀਵਾਲ
ਨਵੀਂ ਦਿੱਲੀ, 11 ਅਗੱਸਤ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜਕੱਲ ਕੇਂਦਰ ਸਰਕਾਰ ਹਰ ਮਾਮਲੇ ਵਿਚ ਪੈਸੇ ਕੱਟ ਰਹੀ ਹੈ | ਕੇਂਦਰ ਸਰਕਾਰ ਹੁਣ ਭਵਿੱਖ ਵਿਚ ਭਰਤੀ ਹੋਣ ਵਾਲੇ ਸੈਨਿਕਾਂ ਨੂੰ ਪੈਨਸ਼ਨ ਦੇਣ ਤੋਂ ਟਾਲਾ ਵੱਟ ਰਹੀ ਹੈ | ਕੇਂਦਰ ਸਰਕਾਰ ਫ਼ੌਜੀਆਂ ਦੀ ਪੈਨਸ਼ਨ ਖ਼ਤਮ ਕਰਨ ਲਈ ਅਗਨੀਵੀਰ ਯੋਜਨਾ ਲੈ ਕੇ ਆਈ ਹੈ | ਇਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਹੁਣ ਮੁਲਾਜ਼ਮਾਂ ਲਈ ਅੱਠਵਾਂ ਤਨਖ਼ਾਹ ਕਮਿਸ਼ਨ ਨਹੀਂ ਬਣਾਇਆ ਜਾਵੇਗਾ | ਮਨਰੇਗਾ ਦੇ ਪੈਸੇ ਵੀ ਕੱਟੇ ਜਾਣੇ ਹਨ |
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਇਕੱਠੇ ਕੀਤੇ ਟੈਕਸ ਦੇ ਪੈਸੇ ਦਾ 42 ਫ਼ੀ ਸਦੀ ਰਾਜਾਂ ਨੂੰ ਦਿਤਾ ਜਾਂਦਾ ਸੀ | ਹੁਣ ਇਸ ਨੂੰ ਘਟਾ ਕੇ 30 ਫ਼ੀ ਸਦੀ ਕਰ ਦਿਤਾ ਗਿਆ ਹੈ | ਹੁਣ ਕੇਂਦਰ ਨੇ ਗਰੀਬ ਆਦਮੀ ਦੇ ਭੋਜਨ 'ਤੇ ਕਣਕ, ਚੌਲ, ਛੱਖਣ, ਗੁੜ 'ਤੇ ਦਹੀ ਅਤੇ ਸ਼ਹਿਦ 'ਤੇ ਟੈਕਸ ਲਗਾ ਦਿਤਾ ਹੈ | ਕੇਂਦਰ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ 'ਤੇ ਹਰ ਸਾਲ ਸਾਢੇ ਤਿੰਨ ਲੱਖ ਕਰੋੜ ਦਾ ਟੈਕਸ ਲੱਗਦਾ ਹੈ | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਪੈਸਾ ਕਿਥੇ ਜਾ ਰਿਹਾ ਹੈ? (ਏਜੰਸੀ)