S.Joginder Singh: 'ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਇਕ ਯੁੱਗ ਪੁਰਸ਼ ਸਨ'
Eminent personalities expressed their regret on the death of Joginder Singh: ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸਵਰਗੀ ਸ. ਜੋਗਿੰਦਰ ਸਿੰਘ ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਅਤੇ ਮਹਾਨ ਦਾਰਸ਼ਨਿਕ ਸ਼ਖ਼ਸੀਅਤ ਸਨ। ਸ. ਜੋਗਿੰਦਰ ਸਿੰਘ ਜੀ ਦੀ ਪਤਨੀ ਅਤੇ ਰੋਜ਼ਾਨਾ ਸਪੋਕਸਮੈਨ ਦੀ ਐਮਡੀ ਮੈਡਮ ਜਗਜੀਤ ਕੌਰ ਕੋਲ ਅਫ਼ਸੋਸ ਪ੍ਰਗਟ ਕਰਨ ਲਈ ਪਹੁੰਚੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਦੀ ਕਲਮ ਸਿੱਖ ਪੰਥ ਨੂੰ ਨਵੀਂ ਦਿਸ਼ਾ ਦਿਖਾਉਣ ਲਈ ਚਲਦੀ ਰਹੀ ਹੈ।
ਉਨ੍ਹਾਂ ਹਮੇਸ਼ਾ ਦੂਰ-ਅੰਦੇਸ਼ੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਪੰਥ ਲਈ ਜ਼ਰੂਰੀ ਸੁਝਾਅ ਦਿੰਦੇ ਰਹਿੰਦੇ ਸਨ। ਉਨ੍ਹਾਂ ਦੀ ਰਾਜਨੀਤਕ ਸਮਝ ਤੇ ਏਨੀ ਪਕੜ ਸੀ ਕਿ ਪੰਜਾਬ ਦੀ ਰਾਜਨੀਤੀ ਦੇ ਮਾਹਰ ਖਿਡਾਰੀ ਵੀ ਕਈ ਵਾਰ ਉਨ੍ਹਾਂ ਕੋਲੋਂ ਸਲਾਹਾਂ ਲੈਣ ਲਈ ਆਉਂਦੇ ਰਹਿੰਦੇ ਸਨ। ਅਜਿਹਾ ਲਗਦਾ ਸੀ ਜਿਵੇਂ ਉਹ ਅਪਣੇ-ਆਪ ਵਿਚ ਇਕ ਵਖਰਾ ਰਿਸਰਚ ਸੈਂਟਰ ਤੇ ਲਾਇਬ੍ਰੇਰੀ ਹੋਣ। ਪੰਜਾਬੀ ਪੱਤਰਕਾਰਤਾ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ. ਜੋਗਿੰਦਰ ਸਿੰਘ ਕਲਮ ਦੇ ਧਨੀ ਸਨ। ਉਨ੍ਹਾਂ ਪੱਤਰਕਾਰਤਾ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਕਾਇਮ ਕੀਤੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਖ਼ੁਦ ਵੀ ਕਈ ਵਾਰ ਸ. ਜੋਗਿੰਦਰ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਕਾਫ਼ੀ ਪ੍ਰਭਾਵਤ ਰਹੇ ਹਨ। ਉਨ੍ਹਾਂ ਦੇ ਵਿਚਾਰਾਂ ਨੂੰ ਉਨ੍ਹਾਂ ਦਾ ਪ੍ਰਵਾਰ ਅੱਗੇ ਲੈ ਕੇ ਜਾਵੇਗਾ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਅਦਾਰਾ ਇਸੇ ਤਰ੍ਹਾਂ ਸਿੱਖ ਪੰਥ ਅਤੇ ਪੰਜਾਬੀ ਪੱਤਰਕਾਰਤਾ ਦੀ ਸੇਵਾ ਕਰਦੇ ਰਹੇਗਾ। ਬੈਂਸ ਨੇ ਕਿਹਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸ. ਜੋਗਿੰਦਰ ਸਿੰਘ ਨੂੰ ਅਪਣੇ ਚਰਨਾਂ ਵਿਚ ਸਥਾਨ ਬਖ਼ਸ਼ਣ। ਇਸ ਮੌਕੇ ਬੈਂਸ ਨਾਲ ਉਨ੍ਹਾਂ ਦੇ ਮੀਡੀਆ ਇੰਚਾਰਜ ਪ੍ਰਦੀਪ ਬੰਟੀ ਵੀ ਮੌਜੂਦ ਰਹੇ।
ਸ. ਜੋਗਿੰਦਰ ਸਿੰਘ ਇਕ ਸਪੱਸ਼ਟ ਦੂਰਦ੍ਰਿਸ਼ਟੀ ਦੇ ਮਾਲਕ ਸਨ : ਡਾ. ਐਸ.ਐਸ. ਭੱਟੀ
ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੇ ਸੰਸਥਾਪਕ-ਅਧਿਆਪਕ ਅਤੇ ਸਾਬਕਾ ਪ੍ਰਿੰਸੀਪਲ ਡਾ. ਐਸ.ਐਸ. ਭੱਟੀ ਨੇ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਸ. ਜੋਗਿੰਦਰ ਸਿੰਘ ਅਟੱਲ ਵਿਸ਼ਵਾਸਾਂ ਵਾਲੇ ਵਿਅਕਤੀ ਸਨ ਅਤੇ ਇਤਿਹਾਸਕ ਸੱਚਾਈ ਦੀ ਮੁੜ ਪ੍ਰਾਪਤੀ ਲਈ ਫਰਾਟਾ ਦੌੜਨ ਵਾਲੇ ਇਕ ਦ੍ਰਿੜ ਅਥਲੀਟ ਸਨ। ਸੋਗ ਮਨਾ ਰਹੇ ਪ੍ਰਵਾਰ ਨੂੰ ਭੇਜੇ ਅਪਣੇ ਇਕ ਸੰਦੇਸ਼ ’ਚ ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਇਕ ਸਪੱਸ਼ਟ ਦੂਰਦ੍ਰਿਸ਼ਟੀ ਦੇ ਮਾਲਕ ਸਨ ਜਿਸ ਨੂੰ ਉਨ੍ਹਾਂ ਨੇ ਨੌਜੁਆਨ ਉਤਸ਼ਾਹ ਨਾਲ ਅਤੇ ਸਿੱਖ ਧਰਮ ਨੂੰ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਪ੍ਰੇਰਿਤ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਇਆ।
ਕਾਨੂੰਨ ’ਚ ਉਨ੍ਹਾਂ ਦੀ ਪੇਸ਼ੇਵਰ ਸਿਖਲਾਈ ਨੇ ਉਨ੍ਹਾਂ ਦੀ ਨੈਤਿਕ ਹਿੰਮਤ ਨੂੰ ਕਈ ਗੁਣਾ ਮਜ਼ਬੂਤ ਕੀਤਾ ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੱਚੀ ਆਵਾਜ਼ ਵਜੋਂ ਇਕ ਸੁਤੰਤਰ ਮੀਡੀਆ ਆਊਟਲੈਟ ਸਥਾਪਤ ਕੀਤਾ। ਉਨ੍ਹਾਂ ਦੀ ਬੇਮਿਸਾਲ ਲਿਖਣ ਸ਼ੈਲੀ ਨੇ ਸਰਕਾਰੀ ਮਸ਼ੀਨਰੀ ਨੂੰ ਨਿਸ਼ਾਨਾ ਬਣਾਇਆ ਜਿਸ ਨੇ ਕੁਸ਼ਾਸਨ, ਬਹੁ-ਪੱਧਰੀ ਭ੍ਰਿਸ਼ਟਾਚਾਰ, ਸਵੈ-ਇੱਛਾ ਵਾਲੀ ਨੌਕਰਸ਼ਾਹੀ, ਹੰਕਾਰੀ ਰਾਜਨੀਤੀ ਅਤੇ ਕ੍ਰੋਨੀ ਪੂੰਜੀਵਾਦ ਨੂੰ ਲੋਕਾਂ ਦੇ ਧਿਆਨ ’ਚ ਲਿਆਂਦਾ।
ਸਰਕਾਰੀ ਮਸ਼ੀਨਰੀ ਦੇ ਭਿਆਨਕ ਵਿਰੋਧ ਨੇ ਉਨ੍ਹਾਂ ਦੇ ਗਿਆਨ, ਪ੍ਰਗਟਾਵੇ ਦੀ ਸਪਸ਼ਟਤਾ ਅਤੇ ਇਰਾਦੇ ਦੀ ਅਖੰਡਤਾ ਦੇ ਅਮੀਰ ਨਿਵੇਸ਼ ਨੂੰ ਮਜ਼ਬੂਤ ਕੀਤਾ। ਇਸ ਨੇ ਰੋਜ਼ਾਨਾ ਸਪੋਕਸਮੈਨ ਨੂੰ ਸਮਕਾਲੀ ਪੱਤਰਕਾਰੀ ’ਚ ਇਕ ਪ੍ਰਮੁੱਖ ਅਤੇ ਸੁਤੰਤਰ ਪ੍ਰਿੰਟ ਅਤੇ ਡਿਜੀਟਲ ਮੀਡੀਆ ਉਦਮ ’ਚ ਬਦਲਣ ਲਈ ਤੇਜ਼ੀ ਨਾਲ ਖਿੱਚ ਪ੍ਰਾਪਤ ਕਰਨ ’ਚ ਸਹਾਇਤਾ ਕੀਤੀ। ਉਨ੍ਹਾਂ ਦੀ ਵਿਚਾਰਧਾਰਾ ਅਤੇ ਲਿਖਣ ਦੀ ਸ਼ੈਲੀ ਸਰਕਾਰੀ ਅਤੇ ਨੌਕਰਸ਼ਾਹੀ ਜਵਾਬਦੇਹੀ ਨੂੰ ਯਕੀਨੀ ਬਣਾਉਂਦੇ ਹੋਏ ਸੰਗਠਨ ਦੇ ਲੋਕ-ਕੇਂਦਰਤ ਆਦਰਸ਼ਾਂ ਨੂੰ ਕਾਇਮ ਰਖਦੀ ਹੈ।
50 ਸਾਲਾਂ ਤੋਂ ਵੱਧ ਸਮੇਂ ਤਕ ਉਨ੍ਹਾਂ ਦੀ ਪ੍ਰੇਰਣਾਦਾਇਕ ਲਿਖਤ ਸਿੱਖ ਇਤਿਹਾਸ ਨੂੰ ਮੁੜ ਲਿਖਣਾ ਸੀ ਜਿਸ ’ਚ ਫ਼ਿਰਕੂ ਪੱਖਪਾਤ ਅਤੇ ਸ਼ੰਕਿਆਂ ਦੇ ਜਾਲ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਦੀ ਵਿਹਾਰਕ ਅਧਿਆਤਮਿਕਤਾ ਵਿਚ ਉਨ੍ਹਾਂ ਦੀ ਡੂੰਘੀ ਆਸਥਾ ਵਿਚੋਂ ਉਨ੍ਹਾਂ ਨੂੰ ਸ਼ਕਤੀਆਂ ਦੇ ਅੜੀਅਲ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਨਿਮਰ, ਬੇਸਹਾਰਾ ਅਤੇ ਬੇਸਹਾਰਾ ਲੋਕਾਂ ਲਈ ਚੱਟਾਨ ਵਾਂਗ ਖੜੇ ਰਹੇ। ਸ. ਜੋਗਿੰਦਰ ਸਿੰਘ ਨੇ ‘ਉੱਚਾ ਦਰ ਬਾਬੇ ਨਾਨਕ ਦਾ’ ਨਾਮ ਦੀ ਪ੍ਰੇਰਣਾਦਾਇਕ ਯਾਦਗਾਰ ’ਚ ਅਪਣੇ ਵਿਚਾਰਾਂ, ਸ਼ਬਦਾਂ ਅਤੇ ਕਾਰਜਾਂ ਨੂੰ ਸ਼ਾਮਲ ਕਰਦੇ ਹੋਏ ਅਪਣੇ ਸੁਪਨੇ ਨੂੰ ਸਾਕਾਰ ਕੀਤਾ। ਇਹ ਇਕ ਅਜਿਹਾ ਪ੍ਰਾਜੈਕਟ ਹੈ ਜਿਸ ਨੂੰ ਬਹੁਤ ਘੱਟ ਸੰਸਥਾਵਾਂ, ਬਹੁਤ ਘੱਟ ਵਿਅਕਤੀ, ਮਨੁੱਖਤਾ ਦੀ ਸੇਵਾ ’ਚ ਗੁਰੂ ਨਾਨਕ ਦੇਵ ਜੀ ਦੀ ਵਿਹਾਰਕ ਅਧਿਆਤਮਿਕਤਾ ’ਚ ਅਪਣੇ ਅਟੁੱਟ ਵਿਸ਼ਵਾਸ ਦੀ ਜੀਉਂਦੀ ਜਾਗਦੀ ਉਦਾਹਰਣ ਵਜੋਂ ਬਣਾ ਸਕਦੀਆਂ ਹਨ।
ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਇਕ ਯੁੱਗ ਪੁਰਸ਼ ਸਨ : ਸੁੱਖੀ ਘੁੰਮਣ ਝੂੰਦਾਂ
ਪੰਜਾਬ ਅਤੇ ਪੰਜਾਬੀ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਖ਼ਬਾਰ ਸਪੋਕਸਮੈਨ ਦੇ ਸੰਪਾਦਕ ਸ.ਜੋਗਿੰਦਰ ਸਿੰਘ ਭਾਵੇਂ ਸਰੀਰਕ ਤੌਰ ’ਤੇ ਸਾਡੇ ਨਾਲੋਂ ਵਿਛੜ ਗਏ ਹਨ ਪਰ ਭਾਵੁਕ ਤੌਰ ’ਤੇ ਉਹ ਸਦਾ ਸਾਡੇ ਨਾਲ ਰਹਿਣਗੇ। ਸਪੋਕਸਮੈਨ ਨਾਲ ਅਮਰੀਕਾ ਤੋਂ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਇਹ ਵਿਚਾਰ ਪੰਜਾਬ ਦੇ ਪ੍ਰਸਿੱਧ ਐਨ.ਆਰ.ਆਈ. ਕਾਰੋਬਾਰੀ ਅਤੇ ਟਰਾਂਸਪੋਰਟਰ ਸ.ਸੁੱਖੀ ਘੁੰਮਣ ਝੂੰਦਾਂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਪੋਕਸਮੈਨ ਦੇ ਫ਼ਾਊਂਡਰ ਸੰਪਾਦਕ ਸ.ਜੋਗਿੰਦਰ ਸਿੰਘ ਇਕ ਯੁੱਗ ਪੁਰਸ਼ ਸਨ ਜਿਨ੍ਹਾਂ ਬਹੁਤ ਥੋੜੇ੍ਹ ਜਿਹੇ ਸਮੇਂ ਵਿਚ ਅਖ਼ਬਾਰ ਦਾ ਇਕ ਵੱਡਾ ਅਦਾਰਾ ਹੋਂਦ ਵਿਚ ਲਿਆਂਦਾ ਅਤੇ ਉਸ ਦੀਆਂ ਮਹਿਕਾਂ ਨੂੰ ਦੁਨੀਆਂ ਦੇ ਕੋਨੇ ਤਕ ਬਿਖੇਰਿਆ। ਉਨ੍ਹਾਂ ਕਿਹਾ ਕਿ ਧਰਤੀ ਮਾਤਾ ਤੇ ਅਜਿਹੇ ਮਾਂ ਦੇ ਲਾਲ ਕਦੇ ਕਦੇ ਹੀ ਪੈਦਾ ਹੁੰਦੇ ਹਨ ਜਿਹੜੇ ਅਪਣੀ ਕਰਮਭੂਮੀ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਦੀਆਂ ਅਮਿੱਟ ਪੈੜ੍ਹਾਂ ਸਦਾ ਲਈ ਛੱਡ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਵਲੋਂ ਸ਼ੰਭੂ ਬਾਰਡਰ ਨੇੜੇ ਉਸਾਰਿਆ ਗਿਆ ‘ਉੱਚਾ ਦਰ ਬਾਬੇ ਨਾਨਕ ਦਾ, ਭਵਿੱਖ ਵਿਚ ਵਿਸ਼ਵ ਵਿਰਾਸਤ ਦਾ ਦਰਜਾ ਹਾਸਲ ਕਰੇਗਾ। ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖ਼ਸ਼ੇ।
‘‘ਸ. ਜੋਗਿੰਦਰ ਸਿੰਘ ਵਿਦਵਾਨ ਅਤੇ ਗਿਆਨਵਾਨ ਸਨ। ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਮੈਂ ਅਪਣੇ ਦਾਦਾ ਤੋਂ ਬਾਅਦ ਅਪਣੇ ਜੀਵਨ ’ਚ ਇਹੋ ਜਿਹਾ ਸੂਝਵਾਨ ਹੋਰ ਕੋਈ ਨਹੀਂ ਵੇਖਿਆ। ਉਹ ਗਿਆਨ ਦੇ ਸਾਗਰ ਸਨ ਜਿਸ ’ਚੋਂ ਹਰ ਇਨਸਾਨ ਜੋ ਵੀ ਆਉਂਦਾ ਸੀ ਉਹ ਅਪਣੇ ਲਈ ਬੁੱਕ ਭਰ ਕੇ ਲੈ ਕੇ ਜਾਂਦਾ ਸੀ। ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਅਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ ਅਤੇ ਕੌਮ ਨੂੰ ਸੇਧ ਦੇਣ ਵਾਲਾ ਇਕ ਹੋਰ ਇਨਸਾਨ ਪੈਦਾ ਹੋਵੇ ਅਤੇ ਕੌਮ ਨੂੰ ਅਪਣਾ ਗਿਆਨ ਵੰਡੇ।’’-ਅਮਨਜੋਤ ਕੌਰ ਰਾਮੂਵਾਲੀਆ
ਉੱਘੀਆਂ ਸ਼ਖ਼ਸੀਅਤਾਂ ਵਲੋਂ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ
‘ਸ. ਜੋਗਿੰਦਰ ਸਿੰਘ ਦੇ ਅਕਾਲ ਚਲਾਣੇ ਬਾਰੇ ਜਦੋਂ ਮੈਂ ਸੁਣਿਆ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇੰਨੀ ਵੱਡੀ ਸ਼ਖ਼ਸੀਅਤ ਹੁਣ ਇਸ ਦੁਨੀਆਂ ’ਚ ਨਹੀਂ ਰਹੀ ਕਿਉਂਕਿ ਮੈਨੂੰ ਉਨ੍ਹਾਂ ਦਾ ਬਹੁਤ ਵੱਡਾ ਸਹਾਰਾ ਸੀ। ਜਦੋਂ ਮੈਂ ਮਹਿਲਾ ਕਮਿਸ਼ਨ ’ਚ ਨਿਯੁਕਤ ਹੋਈ, ਤਾਂ ਵੀ ਉਨ੍ਹਾਂ ਨੂੰ ਮਿਲਣ ਲਈ ਆਈ ਸੀ। ਫ਼ੋਨ ’ਤੇ ਵੀ ਗੱਲ ਹੁੰਦੀ ਰਹਿੰਦੀ ਸੀ ਉਨ੍ਹਾਂ ਨਾਲ। ਉਹ ਮੈਨੂੰ ਬਹੁਤ ਸੇਧ ਦਿੰਦੇ ਸਨ ਕਿ ਤੁਸੀਂ ਕਮਿਸ਼ਨ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਦਾ ਮੈਨੂੰ ਬਹੁਤ ਸਹਾਰਾ ਸੀ। ਉਹ ਮੈਨੂੰ ਸੇਧ ਦਿੰਦੇ ਹੁੰਦੇ ਸਨ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਵੀ ਜਾਗਰੂਕ ਕਰਨਾ ਹੈ ਧਰਮ ਪ੍ਰਤੀ ਅਤੇ ਸਿੱਖੀ ਪ੍ਰਤੀ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਮੈਨੂੰ ਉਨ੍ਹਾਂ ਦੀ ਬੇਟੀ ਨਿਮਰਤ ਕੌਰ ’ਤੇ ਪੂਰਾ ਭਰੋਸਾ ਹੈ, ਜੋ ਉਨ੍ਹਾਂ ਦੇ ਵਿਰਸੇ ਨੂੰ ਸੰਭਾਲਦੇ ਰਹੇ ਹਨ ਅਤੇ ਸੰਭਾਲਦੇ ਰਹਿਣਗੇ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸ ਔਖੀ ਘੜੀ ’ਚ ਉਹ ਨਿਮਰਤ ਸਮੇਤ ਸਮੁਚੇ ਪ੍ਰਵਾਰ ਨੂੰ ਭਰੋਸਾ ਦੇਣ। ਸਰਬੱਤ ਦੇ ਭਲੇ ਲਈ ਮੈਂ ਅਰਦਾਸ ਕਰਦੀ ਹਾਂ।’’ -ਮਨੀਸ਼ਾ ਗੁਲਾਟੀ
ਸਰਦਾਰ ਜੋਗਿੰਦਰ ਸਿੰਘ ਜੀ ਨੇ ਏਕਸ ਕੇ ਬਾਰਕ ਜਥੇਬੰਦੀ ਦੀ ਮੀਟਿੰਗਾਂ ਵਿਚ ਜਿਹੜੀਆਂ ਗੱਲਾਂ ਉੱਚਾ ਦਰ ਬਾਬੇ ਨਾਨਕ ਬਾਰੇ ਅਪਣੇ ਪਾਠਕਾਂ ਸਾਹਮਣੇ ਰੱਖੀਆਂ ਸਨ, ਉੱਚਾ ਦਰ ਤਿਆਰ ਹੋਣ ’ਤੇ ਉਨ੍ਹਾਂ ਉਹ ਸਾਰੀਆਂ ਗੱਲਾਂ ਨੂੰ ਉੱਚਾ ਦਰ... ਦੀ ਆਰੰਭਤਾ ਵੇਲੇ ਬਿਆਨ ਕੀਤਾ। ਉਹ ਕਥਨੀ ਤੇ ਕਰਨੀ ਦੇ ਪੂਰੇ, ਦ੍ਰਿੜ ਇਰਾਦੇ ਵਾਲੇ ਸਨ। ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਸੀਸ ਤਲੀ ’ਤੇ ਰੱਖ ਕੇ ਉਨ੍ਹਾਂ ਜਿਹੜੀ ਕਲਮ ਦੀ ਲੜਾਈ ਲਈ ਉਸ ਵਿਚ ਉਹ ਬਹਾਦਰ ਸੂਰਮਾ ਸਾਬਤ ਹੋਏ। ਉਨ੍ਹਾਂ ਦੀਆਂ ਲਿਖਤਾਂ ਨੇ ਲੋਕਾਂ ਦਾ ਮਾਨਸਕ ਪੱਧਰ ਉਚਾ ਚੁੱਕਿਆ। ਸਿੱਟੇ ਵਜੋਂ ਕਈਆਂ ਨੂੰ ਸਮਝ ਲੱਗੀ ਕਿ ਬਾਬੇ ਨਾਨਕ ਤੇ ਪੁਜਾਰੀਵਾਦ ਦਾ ਕੋਈ ਮੇਲ ਨਹੀਂ। ਸਿੱਖ ਧਰਮ ਦੇ ਵੱਡੇ ਅਸਥਾਨਾਂ ’ਤੇ ਪੁਜਾਰੀਆਂ ਨੂੰ ਕਾਬਜ਼ ਕਰ ਕੇ ਜਿਥੇ ਸਿਆਸੀ ਲਾਹਾ ਲਿਆ ਜਾ ਰਿਹਾ ਹੈ ਉਥੇ ਬਾਬੇ ਨਾਨਕ ਦੀ ਸਿੱਖੀ ਨੂੰ ਪਛੜੇ ਯੁੱਗ ਦਾ ਧਰਮ ਸਾਬਤ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਸ. ਜੋਗਿੰਦਰ ਸਿੰਘ ਜੀ ਦੀਆਂ ਲਿਖਤਾਂ ਨੂੰ ਕਦੇ ਪੜਿ੍ਹਆ ਵੀ ਨਹੀਂ ਉਹ ਅਨਜਾਣ ਕਿਸਮ ਦੇ ਲੋਕ ਕਹਿੰਦੇ ਹਨ ਕਿ ਸ. ਜੋਗਿੰਦਰ ਸਿੰਘ ਭੰਬਲਭੂਸੇ ਖੜੇ ਕਰ ਗਏ। ਅਸਲ ’ਚ ਭੰਬਲਭੂਸੇ ਪੁਜਾਰੀਵਾਦ ਦੀ ਦੇਣ ਹੈ, ਉਹ ਤਾਂ ਹੱਲ ਲੱਭ ਕੇ ਦੇ ਚਲੇ ਹਨ। ਉਹ ਅਪਣਾ ਕਾਰਜ ਸਵਾਰ ਕੇ ਗਏ ਹਨ। ਹੁਣ ਤੁਹਾਡੇ ਕੀ ਫ਼ਰਜ਼ ਹਨ ਇਹ ਤੁਹਾਨੂੰ ਸਮਝਣ ਦੀ ਲੋੜ ਹੈ। -ਹਰਬੰਸ ਕੌਰ ਫ਼ਰੀਦਾਬਾਦ
‘‘ਸ. ਜੋਗਿੰਦਰ ਸਿੰਘ ਜੀ ਜੋ ਕੰਮ ਕਰ ਗਏ ਹਨ ਉਹ ਉਨ੍ਹਾਂ ਕੰਮਾਂ ਕਾਰਨ ਅੱਜ ਅਮਰ ਹੋ ਗਏ ਹਨ। ਉਨ੍ਹਾਂ ਨੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਚਲਾਇਆ। ਇਹ ਪਹਿਲੀ ਅਖ਼ਬਾਰ ਹੈ ਜਿਹੜੀ ਸਾਰੇ ਦੇਸ਼ ’ਚ ਜਾਂ ਫਿਰ ਜਿਥੇ-ਜਿਥੇ ਵੀ ਪੰਜਾਬੀ ਵਸਦੇ ਹਨ ਪੜ੍ਹੀ ਜਾਂਦੀ ਹੈ। ਮੈਂ ਸਪੋਕਸਮੈਨ ਅਖ਼ਬਾਰ ਨੂੰ ਇਸ ਕਾਰਨ ਪੜ੍ਹਦਾ ਹਾਂ ਕਿ ਇਹ ਅਖ਼ਬਾਰ ਸੱਚ ਲਿਖਦੀ ਹੈ। ਏਨਾ ਸੱਚ ਲਿਖਣਾ ਸ਼ਾਇਦ ਉਹ ਸ. ਜੋਗਿੰਦਰ ਸਿੰਘ ਜੀ ਦੇ ਹਿੱਸੇ ਹੀ ਆਉਣਾ ਸੀ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸੱਚ ਲਿਖਦੇ ਅਤੇ ਛਾਪ ਪਾਉਂਦੇ ਹਨ ਕਿਉਂਕਿ ਇਹ ਬੜਾ ਔਖਾ ਹੁੰਦਾ ਹੈ। ਮੈਂ ਉਨ੍ਹਾਂ ਨੂੰ ਇਹੀ ਸੱਚੀ ਸ਼ਰਧਾਂਜਲੀ ਦੇਵਾਂਗਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਅਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ ਅਤੇ ਜੋ ਸਿੱਖ ਕੌਮ ਨੂੰ ਘਾਟਾ ਪਿਆ ਹੈ ਉਸ ਨੂੰ ਸਹਿਣ ਦਾ ਬਲ ਬਖ਼ਸ਼ਣ।’’ -ਬਖਸ਼ੀਸ਼ ਸਿੰਘ ਸਭਰਾ, ਲੇਖਕ
‘‘ਸ. ਜੋਗਿੰਦਰ ਸਿੰਘ ਜੀ ਵਰਗੇ ਗਿਆਨਵਾਨ ਅਤੇ ਦੂਰਅੰਦੇਸ਼ੀ ਵਾਲੇ ਇਨਸਾਨ ਦਾ ਚਲਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਬਾਬੇ ਨਾਨਕ ਦੀ ਬਾਣੀ ਉਪਰ ਪਹਿਰਾ ਦੇ ਕੇ ਉਨ੍ਹਾਂ ਅਪਣੀ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਅਤੇ ਅਪਣੀ ਨਿਰਪੱਖ ਕਲਮ ਨਾਲ ਲੋਕਾਂ ਨੂੰ ਜਾਗਰੂਕ ਕਰਨ ਨਾਲ ਉਨ੍ਹਾਂ ’ਚ ਗਿਆਨ ਵੰਡਿਆ। ਤੁਹਾਡੀ ਕਮੀ ਸਾਨੂੰ ਹਮੇਸ਼ਾ ਮਹਿਸੂਸ ਹੋਵੇਗੀ।’’ -ਜਗਮੀਤ ਢਿੱਲੋਂ ਗੰਡੀਵਿੰਡ ਬੁਲਾਰਾ ਪੰਜਾਬ ਕਾਂਗਰਸ
ਅਚਾਨਕ ਸ. ਜੋਗਿੰਦਰ ਸਿੰਘ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬੜਾ ਦੁਖ ਲੱਗਿਆ। ਪ੍ਰਵਾਰ ਨੂੰ, ਸਾਨੂੰ, ਉੱਚਾ ਦਰ ਬਾਬੇ ਨਾਨਕ ਦਾ ਨੂੰ ਅਜੇ ਬਹੁਤ ਲੋੜ ਸੀ। ਮਹਾਰਾਜ ਪੰਜ ਸੱਤ ਸਾਲ ਹੋਰ ਜੀਣ ਲਈ ਦੇ ਦਿੰਦਾ ਤਾਂ ਹੋਰ ਵੀ ਬਹੁਤ ਕੁੱਝ ਬਣ ਜਾਂਦਾ। ਜੋ ਹੁਕਮ। ਉਸ ਦੇ ਭਾਣੇ ਵਿਚ ਰਹਿਣਾ ਪੈਂਦਾ ਹੈ। ਵਾਹਿਗੁਰੂ ਭੈਣ ਜਗਜੀਤ ਕੌਰ ਤੇ ਉਨ੍ਹਾਂ ਦੇ ਸਾਰੇ ਪ੍ਰਵਾਰ ਨੂੰ ਹਿੰਮਤ, ਹੌਂਸਲਾ ਅਤੇ ਤੰਦਰੁਸਤੀ ਬਖ਼ਸ਼ੇ। ਜੋ ਉਨ੍ਹਾਂ ਦੇ ਰਹਿੰਦੇ ਘਾਟੇ ਪੂਰੇ ਕਰ ਸਕਣ। ਸਾਡੀਆਂ ਸ਼ੁਭ ਦੁਆਵਾਂ ਉਨ੍ਹਾਂ ਨਾਲ ਹਨ। ਇਹੋ ਜਿਹੇ ਸ਼ਖ਼ਸ ਦੁਨੀਆਂ ਵਿਚ ਕਦੀ ਆਉਂਦੇ ਹਨ। ਬਾਬੇ ਨਾਨਕ ਵਾਂਗ ਹੀ ਉਨ੍ਹਾਂ ਦਾ ਨਾਮ ਜਦ ਤਕ ਦੁਨੀਆਂ ਰਹੇਗੀ ਨਾਨਕ ਵਾਂਗ ਹੀ ਚਮਕੇਗਾ। ਮੇਰਾ ਤਾਂ ਦੂਜਾ ਨਾਨਕ ਸੀ ਇਵੇਂ ਤਹਿ ਦਿਲੋਂ ਹਮਦਰਦੀ ਕਰਦੀ ਹੋਈ। -ਗੁਰਬਚਨ ਕੌਰ ਦੋਰਾਹਾ ਲੁਧਿਆਣਾ
ਮੈਂ ਸਪੋਕਸਮੈਨ ਨੂੰ ਮਹੀਨਾ ਵਾਰ ਰਸਾਲੇ ਸਮੇਂ ਤੋਂ ਸ. ਜੋਗਿੰਦਰ ਸਿੰਘ ਜੀ ਦੀਆਂ ਲਿਖਤਾਂ ਪ੍ਰਵਾਰ ਸਮੇਤ ਪੜ੍ਹਦਾ ਰਿਹਾ ਹਾਂ ਤੇ ਨਿਜੀ ਤੌਰ ’ਤੇ ਵੀ ਸਰਦਾਰ ਜੋਗਿੰਦਰ ਸਿੰਘ ਜੀ ਅਤੇ ਮੈਡਮ ਜਗਜੀਤ ਕੌਰ ਨੂੰ ਉਨ੍ਹਾਂ ਦੇ ਦਫ਼ਤਰ ਮਿਲਦਾ ਰਿਹਾ ਹਾਂ। ਮੈਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ਰੂ ਹੋਣ ਵੇਲੇ ਤੋਂ ਇਸ ਅਦਾਰੇ ਦੇ ਸਾਰੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦਾ ਰਿਹਾ ਹਾਂ। ਸਰਦਾਰ ਜੋਗਿੰਦਰ ਸਿੰਘ ਇਸ ਅਖ਼ਬਾਰ ਅਤੇ ਉੱਚਾ ਦਰ ਬਾਬੇ ਨਾਨਕ ਦਾ, ਦੀ ਰੂਹ ਸਨ ਜਿਨ੍ਹਾਂ ਦੀਆਂ ਲਿਖਤਾਂ ਹਰ ਸਿੱਖ ਦੇ ਅੰਦਰ ਤਕ ਅਸਰਦਾਰ ਹਨ। ਉਨ੍ਹਾਂ ਨੇ ਅਪਣੀ ਪੂਰੀ ਹਯਾਤੀ ਦੌਰਾਨ ਸਿੱਖਾਂ ਨੂੰ ਕਰਮਕਾਂਡਾਂ ਵਿਚੋਂ ਬਾਹਰ ਕੱਢਣ ਦੇ ਲਗਾਤਾਰ ਯਤਨ ਕੀਤੇ। ਉਨ੍ਹਾਂ ਦਾ ਇਸ ਸਮੇਂ ਅਕਾਲ ਚਲਾਣੇ ਦਾ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹੀ ਅਰਦਾਸ ਹੈ ਰੱਬ ਜੀ ਅੱਗੇ, ਉਨ੍ਹਾਂ ਵਲੋਂ ਰਹਿ ਗਏ ਅਧੂਰੇ ਕੰਮਾਂ ਨੂੰ ਪ੍ਰਵਾਰ ਵਲੋਂ ਅਤੇ ਸਿੱਖ ਸੰਗਤਾਂ ਵਲੋਂ ਹਿੰਮਤ ਦੇ ਕੇ ਪੂਰੇ ਕਰਵਾਉਣ ਦੀ ਕ੍ਰਿਪਾਲਤਾ ਕਰਨੀ। -ਪ੍ਰਿਤਪਾਲ ਸਿੰਘ
ਸ. ਜੋਗਿੰਦਰ ਸਿੰਘ ਹੋਣਾ ਦੇ ਚਲਾਣੇ ਕਰ ਜਾਣ ਦਾ ਸਮਾਚਾਰ ਮਿਲਿਆ ਜੋ ਕਿ ਬਹੁਤ ਹੀ ਦੁਖਦਾਈ ਹੈ ਭਾਵੇਂ ਕਿ ਮੈਂ ਅਦਾਰੇ ਨਾਲ ਕੁੱਝ ਸਮਾਂ ਪਹਿਲਾਂ ਹੀ ਜੁੜਿਆ ਸਾਂ ਪਰ ਇਸ ਤਰ੍ਹਾਂ ਲਗਦਾ ਹੈ ਕਿ ਮੇਰੇ ਹੀ ਪ੍ਰਵਾਰ ਦਾ ਵਡੇਰਾ ਸਾਡੇ ਕੋਲੋਂ ਵਿਛੜ ਗਿਆ ਹੈ, ਹੋਣਾ ਤਾਂ ਉਹੀ ਹੈ ਜੋ ਉਸ ਵਾਹਿਗੁਰੂ ਨੂੰ ਮੰਜ਼ੂਰ ਹੈ ਪ੍ਰੰਤੂ ਇਕ ਨੇਕ ਰੂਹ ਦਾ ਵਿਛੜ ਜਾਣਾ ਬਹੁਤ ਵੱਡਾ ਘਾਟਾ ਹੈ। ਮੈਨੂੰ ਪੱਤਰਕਾਰਤਾ ਵਿਚ ਲਿਆਉਣ ਵਾਲਾ ਅਦਾਰਾ ਰੋਜ਼ਾਨਾ ਸਪੋਕਸਮੈਨ ਦਾ ਹਮੇਸ਼ਾ ਰਿਣੀ ਹਾਂ ਅਤੇ ਰਹਾਂਗਾ ਅਤੇ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਸ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। -ਤੁਹਾਡਾ ਸ਼ਾਗਿਰਦ, ਨਿਰਵੈਰ ਸਿੰਘ ਸਿੰਧੀ