
S.Joginder Singh: ਕਿਹਾ, ਸਾਨੂੰ ਪ੍ਰਵਾਰ ਨਾਲ ਇਕਜੁਟ ਹੋ ਕੇ ਖੜਨਾ ਚਾਹੀਦਾ
S,Joginder Singh News in punjabi : ਬਾਬਾ ਸ਼ਮਸ਼ੇਰ ਸਿੰਘ ਨੇ ਸ. ਜੋਗਿੰਦਰ ਸਿੰਘ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਰੋਜ਼ਾਨਾ ਸਪੋਕਸਮੈਨ ਅਦਾਰੇ ’ਚ ਪਹੁੰਚ ਕੇ ਰੋਜ਼ਾਨਾ ਸਪੋਕਸਮੈਨ ਦੀ ਐਮ.ਡੀ. ਬੀਬੀ ਜਗਜੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ, ‘‘ਸ. ਜੋਗਿੰਦਰ ਸਿੰਘ ਬੜੇ ਮਿਹਨਤੀ ਸਨ। ਉਨ੍ਹਾਂ ਦੇ ਵੱਖਰੇ ਖਿਆਲ ਸਨ। ਵੱਖਰੇ ਖਿਆਲਾਂ ਕਾਰਨ ਹੀ ਬਹੁਤ ਸਾਰੀ ਦੁਨੀਆਂ ਉਨ੍ਹਾਂ ਨਾਲ ਜੁੜੀ ਸੀ। ਉਨ੍ਹਾਂ ਨੇ ਮਿਹਨਤ ਕਰ ਕੇ ਦੋ ਅਦਾਰੇ ਕਾਇਮ ਕੀਤੇ ਹਨ। ਇਕ ਰੋਜ਼ਾਨਾ ਸਪੋਕਸਮੈਨ ਤੇ ਦੂਜਾ ‘ਉਚਾ ਦਰ ਬਾਬੇ ਨਾਨਕ ਦਾ’। ਸ. ਜੋਗਿੰਦਰ ਸਿੰਘ ਦੇ ਖਿਆਲ ਸਾਰਿਆਂ ਦੇ ਸਮਝ ਵਿਚ ਨਹੀਂ ਆਉਂਦੇ ਸਨ। ਇਕ ਪੜ੍ਹਿਆ-ਲਿਖਿਆ ਵਿਦਵਾਨ ਹੀ ਉਨ੍ਹਾਂ ਦੇ ਖਿਆਲ ਸਮਝਦਾ ਸੀ।
ਉਹ ਅਪਣੀ ਕਹਿਣੀ ਦੇ ਬੜੇ ਪੱਕੇ ਸਨ। ਉਨ੍ਹਾਂ ਦੇ ਚਲੇ ਜਾਣ ਦਾ ਡੂੰਘਾ ਦੁੱਖ ਹੈ। ਅਸੀਂ ਪ੍ਰਵਾਰ ਨਾਲ ਖੜੇ ਹਾਂ, ਮੈਂ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਅਦਾਰੇ ਨਾਲ ਖੜੇ ਰਹੋ ਤਾਂ ਜੋ ਅਦਾਰਾ ਬੰਦ ਨਾ ਹੋਵੇ। ਜਦੋਂ ਸ. ਜੋਗਿੰਦਰ ਸਿੰਘ ਵਿਰੁਧ 295 ਦਾ ਪਰਚਾ ਹੋਇਆ ਮੈਂ ਉਦੋਂ ਉਨ੍ਹਾਂ ਨੂੰ ਮਿਲਿਆ ਸੀ।
ਉਦੋਂ ਉਨ੍ਹਾਂ ’ਤੇ ਕੀਤੇ ਗਏ ਪਰਚੇ ਵਿਰੁਧ ਰੋਸ ਮਾਰਚ ਕਢਿਆ ਗਿਆ ਸੀ ਅਤੇ ਮੈਂ ਪਿੰਡ ਤੋਂ ਸੰਗਤ ਲੈ ਕੇ ਆਇਆ ਸੀ। ਇਸ ਦੌਰਾਨ ਹੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਸ. ਜੋਗਿੰਦਰ ਸਿੰਘ ਮਨ ਦੇ ਬੜੇ ਪੱਕੇ ਸਨ ਉਹ ਘਬਰਾਏ ਨਹੀਂ ਕਿ ਉਨ੍ਹਾਂ ’ਤੇ ਪਰਚਾ ਹੋ ਗਿਆ ਸਗੋਂ ਕਰੜੇ ਹੋ ਕੇ ਖੜੇ ਰਹਿੰਦੇ ਸਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸ. ਜੋਗਿੰਦਰ ਸਿੰਘ ਦੀਆਂ ਲਿਖਤਾਂ ਨੂੰ ਸੰਭਾਲ ਕੇ ਰੱਖੋ ਤਾਂ ਜੋ ਆਉਣ ਵਾਲੀ ਪੀੜੀ ਪੜ੍ਹ ਸਕੇ।’’