
ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।
ਕਪੂਰਥਲਾ: ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਝੱਲ ਲਈ ਵਾਲਾ ਨੇੜਿਓਂ ਨਾਮੀ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅੱਜ ਸਵੇਰੇ ਕਰੀਬ 7 ਵਜੇ ਆਹਮੋ ਸਾਹਮਣੇ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।
ਘਟਨਾ ਸਥਾਨ ’ਤੇ ਪੁੱਜੇ ਕਪੂਰਥਲਾ ਜ਼ਿਲ੍ਹੇ ਦੇ ਐਸ. ਐਸ. ਪੀ. ਸ੍ਰੀ ਗੌਰਵ ਤੂਰਾ ਆਈ.ਪੀ.ਐਸ. ਨੇ ਦੱਸਿਆ ਕਿ ਬਲਵਿੰਦਰ ਬਿੱਲਾ ਸੁਲਤਾਨਪੁਰ ਲੋਧੀ ਥਾਣੇ ਅਧੀਨ ਆਉਂਦੇ ਪਿੰਡ ਜੱਬੋਵਾਲ ਦਾ ਵਾਸੀ ਹੈ। ਇਸ ’ਤੇ ਵੱਖ-ਵੱਖ ਧਾਰਾਵਾਂ ਤਹਿਤ 5 ਤੋਂ 6 ਮੁਕਦਮੇ ਦਰਜ ਹਨ ਅਤੇ ਪੁਲਿਸ ਨੂੰ ਵੱਖ-ਵੱਖ ਕੇਸਾਂ ਅਧੀਨ ਬਹੁਤ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਫਰਵਰੀ 2025 ਵਿਚ ਇਸ ਉੱਪਰ ਇਕ ਕਤਲ ਦਾ ਮੁਕਦਮਾ ਦਰਜ ਹੋਇਆ ਸੀ, ਜਿਸ ਵਿਚ ਉਸ ਨੇ ਗੱਡੀ ਵਿਚ ਬਿਠਾ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਮਈ 2025 ਵਿਚ ਬਲਵਿੰਦਰ ਬਿੱਲਾ ਕਰਤਾਰਪੁਰ ਪੁਲਿਸ ਥਾਣੇ ਵਿਚ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਕੇ ਭੱਜਿਆ ਸੀ ਅਤੇ ਉੱਥੇ ਵੀ ਇਸ ਉੱਪਰ ਇਰਾਦ-ਏ-ਕਤਲ ਦਾ ਮਾਮਲਾ ਦਰਜ ਸੀ। ਜਿਸ ਲਈ ਕਰਤਾਰਪੁਰ ਪੁਲਿਸ ਨੂੰ ਵੀ ਇਹ ਲੋੜੀਂਦਾ ਸੀ।
ਕਪੂਰਥਲਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਪਾਰਟੀ ਨੇ ਪਿੰਡ ਝੱਲ ਲੇਈ ਵਾਲਾ ਨੇੜੇ ਬਲਵਿੰਦਰ ਸਿੰਘ ਬਿੱਲਾ ਨੂੰ ਰੋਕਿਆ ਤੇ ਉਸ ਦੀ ਸ਼ਨਾਖਤ ਦੱਸਣ ਲਈ ਕਿਹਾ ਤਾਂ ਉਸ ਨੇ ਡਰ ਦੇ ਮਾਰੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਕੋਲ ਮੌਜੂਦ ਨਾਜਾਇਜ਼ ਅਸਲਾ ਵੀ ਉਸ ਨੇ ਪੁਲਿਸ ਉੱਪਰ ਚਲਾਇਆ ਪਰ ਕੋਈ ਵੀ ਫਾਇਰ ਪੁਲਿਸ ਦੇ ਨਹੀਂ ਲੱਗਾ, ਜਦਕਿ ਪੁਲਿਸ ਵਲੋਂ ਆਪਣੀ ਸੁਰੱਖਿਆ ਵਿਚ ਚਲਾਏ ਗਏ ਫਾਇਰ ਦੌਰਾਨ ਇਕ ਗੋਲੀ ਬਲਵਿੰਦਰ ਬਿੱਲੇ ਦੇ ਲੱਗ ਗਈ, ਜਿਸ ਦੌਰਾਨ ਉਹ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ, ਖਾਲੀ ਰੋਂਦ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਕਥਿਤ ਮੁਲਜ਼ਮ ਨੂੰ ਇਲਾਜ ਲਈ ਭੇਜਿਆ ਗਿਆ ਹੈ। ਇਸ ਮੌਕੇ ਐਸ.ਐਸ.ਪੀ. ਗੌਰਵ ਤੂਰਾ, ਐਸ. ਪੀ. (ਡੀ) ਪੀ. ਐਸ. ਵਿਰਕ, ਡੀ.ਐਸ.ਪੀ. ਪਰਮਿੰਦਰ ਸਿੰਘ ਅਤੇ ਐਸ. ਐਚ. ਓ. ਸੋਨਮਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਹਾਜ਼ਰ ਸੀ।