
ਸਿੱਖ ਨਸਲਕੁਸ਼ੀ ਲਈ ਸੁਮੇਧ ਸੈਣੀ ਨੂੰ ਅਪਣੀਆਂ ਕੀਤੀਆਂ ਦੀ ਸਜ਼ਾ ਭੁਗਤਣੀ ਪਵੇਗੀ: ਜਗਜੀਤ ਸਿੰਘ
ਸੰਗਰੂਰ, 11 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਵਲੋਂ ਪਹਿਲਾਂ ਚੰਡੀਗੜ੍ਹ ਦੇ ਐਸ.ਐਸ.ਪੀ. ਹੁੰਦਿਆਂ ਅਤੇ ਬਾਅਦ ਵਿਚ ਪੰਜਾਬ ਦੇ ਡੀ.ਜੀ.ਪੀ. ਹੁੰਦਿਆਂ ਜਿਹੜੇ ਸਿੱਖ ਨੌਜਵਾਨਾਂ ਨੂੰ ਅਤਿਵਾਦੀ ਐਲਾਨ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ, ਹੁਣ ਉਨ੍ਹਾਂ ਦੀ ਵਿਛੜੀ ਰੂਹ ਸ਼ਾਇਦ ਸੈਣੀ ਨੂੰ ਕਦੇ ਚੈਨ ਨਾਲ ਸੌਣ ਨਹੀਂ ਦੇਵੇਗੀ ਕਿਉਂਕਿ ਗੁਰਬਾਣੀ ਮੁਤਾਬਕ ਮਨੁੱਖਾ ਜਨਮ ਬਹੁਤ ਦੁਰਲੱਭ ਹੈ ਅਤੇ ਉਸ ਨੂੰ ਖ਼ਤਮ ਕਰਨ ਵਾਲਾ ਮਹਾਂ ਪਾਪੀ ਹੁੰਦਾ ਹੈ ਜਿਸ ਦੀ ਸਜ਼ਾ ਉਸ ਨੂੰ ਹਰ ਹਾਲ ਭੁਗਤਣੀ ਪੈਂਦੀ ਹੈ। ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਯੂਰਪ ਦੇ ਅਗਾਂਹਵਧੂ ਦੇਸ਼ ਜਰਮਨੀ ਦੇ ਵਸਨੀਕ, ਪੰਜਾਬੀ ਐਨ.ਆਰ.ਆਈ. ਅਤੇ ਪ੍ਰਸਿੱਧ ਕਾਰੋਬਾਰੀ ਸ. ਜਗਜੀਤ ਸਿੰਘ ਜਰਮਨੀ ਨੇ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਮੁਗ਼ਲ ਸਾਮਰਾਜ ਦੇ ਰਾਜ ਭਾਗ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਭਾਗ ਤਕ ਸਿੱਖ ਕੌਮ ਦੀ ਨਸਲਕੁਸ਼ੀ ਜਾਣ ਬੁੱਝ ਅਤੇ ਗਿਣ ਮਿੱਥ ਕੇ ਕੀਤੀ ਜਾਂਦੀ ਰਹੀ ਹੈ ਪਰ ਗੁਰੁ ਨਾਨਕ ਦੇਵ ਜੀ ਅਤੇ ਗੁਰੁ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਸਿੱਖ ਕੌਮ ਕਦੇ ਕਿਸੇ ਹਾਕਮ ਤੋਂ ਖ਼ਤਮ ਨਹੀਂ ਹੋਈ। ਇਸੇ ਤਰ੍ਹਾਂ ਪੰਜਾਬ ਅੰਦਰ ਕਈ ਤਤਕਾਲੀ ਸਿੱਖ ਵਿਰੋਧੀ ਸਰਕਾਰਾਂ ਨੇ ਵੀ ਸਿੱਖਾਂ ਦੀ ਨਸਲਕੁਸ਼ੀ ਲਈ ਸਿੱਖਾਂ ਦੇ ਦੁਸ਼ਮਣ ਪੁਲਿਸ ਅਫ਼ਸਰਾਂ ਰਾਹੀਂ ਅੱਡੀ ਚੋਟੀ ਦਾ ਜ਼ੋਰ ਲਗਾਈਂ ਰਖਿਆ ਪਰ ਸਿੱਖ ਕੌਮ ਦਾ ਵਾਲ ਵਿੰਗਾ ਵੀ ਨਾ ਹੋਇਆ।
ਉਨ੍ਹਾਂ ਕਿਹਾ ਕਿ ਕੁਦਰਤ ਦੇ ਵਿਧੀ ਵਿਧਾਨ ਮੁਤਾਬਕ ਹੁਣ ਸੁਮੇਧ ਸਿੰਘ ਸੈਣੀ ਨੂੰ ਸਿੱਖਾਂ ਦੀ ਨਸਲਕੁਸ਼ੀ ਲਈ ਅਪਣੀਆਂ ਕੀਤੀਆਂ ਦੀ ਸਜ਼ਾ ਭੁਗਤਣੀ ਪਵੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਵੀ ਭੁਗਤਣੀ ਪਵੇਗੀ ਜਿਨ੍ਹਾਂ ਦੇ ਇਸ਼ਾਰੇ ਉਤੇ ਸੈਣੀ ਨੇ ਇਹ ਕਾਰਾ ਕੀਤਾ ਹੈ।
ਫੋਟੋ ਨੰ. 11 ਐਸ ਐਨ ਜੀ 3image