
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੂੰ ਵਿਕਸਿਤ ਕਰਨ ਲਈ ਤਿਆਰ ਕੀਤੀ ਜਾ ਰਹੀ ਸੀ ਵਿਸ਼ੇਸ਼ ਯੋਜਨਾ
ਸੰਗਰੂਰ: ਇਕ ਨਿੱਜੀ ਟਰੱਸਟ ਵੱਲੋਂ ਚਲਾਏ ਜਾ ਰਹੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 1.03 ਕਰੋੜ ਰੁਪਏ ਖਰਚ ਕਰਨ ਦੇ ਫੈਸਲੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਦਰਅਸਲ ਵਿਭਾਗ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਨੂੰ ਵਿਕਸਿਤ ਕਰਨ ਲਈ ਇਕ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰਵਾਉਣਾ ਚਾਹੁੰਦਾ ਹੈ।
Gurdwara Mastuana Sahib
ਨਿੱਜੀ ਟਰੱਸਟ ਵੱਲੋਂ ਵੱਖ-ਵੱਖ ਕਾਲਜ ਚਲਾਏ ਜਾ ਰਹੇ ਹਨ ਅਤੇ ਸੰਗਰੂਰ-ਬਰਨਾਲਾ ਸੜਕ 'ਤੇ ਸਥਿਤ ਸਥਾਨਕ ਗੁਰਦੁਆਰਾ ਟਰੱਸਟ ਗੁਰਦੁਆਰਾ ਮਸਤੂਆਣਾ ਸਾਹਿਬ ਦਾ ਵੀ ਪ੍ਰਬੰਧ ਕਰਦਾ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ, ਇਲਾਕਾ ਕਾਂਗਰਸ ਨੇਤਾਵਾਂ ਅਤੇ ਸਬੰਧਤ ਪੰਚਾਇਤਾਂ ਦੇ ਇਤਰਾਜ਼ ਤੋਂ ਬਾਅਦ ਵਿਭਾਗ ਨੇ ਇਸ ਪ੍ਰਸਤਾਵ ਨੂੰ ਮੁਲਤਵੀ ਕਰ ਦਿੱਤਾ ਹੈ।
Gurdwara Mastuana Sahib
ਵਿਭਾਗ ਦੇ ਪ੍ਰਸਤਾਵ ਅਨੁਸਾਰ ਬਰਨਾਲਾ ਸੜਕ ਤੋਂ ਲੈ ਕੇ ਲਿਧਰਾਂ ਪਿੰਡ ਤੱਕ ਇਕ ਸੜਕ ਬਣਾਉਣ ਲਈ 49 ਲੱਖ ਰੁਪਏ, ਸਟੇਡੀਅਮ ਵਿਚ ਕਮਰਿਆਂ ਅਤੇ ਹੋਰ ਸਹੂਲਤਾਂ ਲਈ 40 ਲੱਖ ਰੁਪਏ, ਸਟ੍ਰੀਟ ਲਾਈਟਾਂ ਲਈ 2.50 ਲੱਖ ਰੁਪਏ, ਸੀਸੀਟੀਵੀ ਕੈਮਰੇ ਲਗਾਉਣ ਲਈ 4 ਲੱਖ ਰੁਪਏ ਅਤੇ ਵੱਖ-ਵੱਖ ਮਾਰਗਾਂ ਦੇ ਨਿਰਮਾਣ ਲਈ 7.40 ਲੱਖ ਰੁਪਏ ਖਰਚਣ ਦੀ ਵਿਸਥਾਰਤ ਯੋਜਨਾ ਤਿਆਰ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਬਹਾਦਰਪੁਰ ਪਿੰਡ ਵਿਚ ਆਏ ਸੀ, ਇੱਥੋਂ ਦੀ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਗੁਰਦੁਆਰਾ ਮਸਤੂਆਣਾ ਸਾਹਿਬ ਪੈਂਦਾ ਹੈ।
Rural Development and Panchayat Department
ਪਿੰਡ ਦੀ ਪੰਚਾਇਤ ਨੇ ਵਿਭਾਗ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਹੈ। ਸੁਨਾਮ ਕਾਂਗਰਸ ਦੇ ਹਲਕਾ ਇੰਚਾਰਜ ਦਮਨ ਥਿੰਡ ਬਾਜਵਾ ਨੇ ਕਿਹਾ ਕਿ ਇਹ ਪ੍ਰਸਤਾਵ ਤਿਆਰ ਕਰਨ ਸਮੇਂ ਅਧਿਕਾਰੀਆਂ ਨੇ ਉਹਨਾਂ ਨੂੰ ਹਨੇਰੇ ਵਿਚ ਰੱਖਿਆ। ਉਹਨਾਂ ਕਿਹਾ 'ਪ੍ਰਾਈਵੇਟ ਟਰੱਸਟ ਦੀ ਜਾਇਦਾਦ ਦੇ ਵਿਕਾਸ ਲਈ ਵਿਭਾਗ ਪੈਸਾ ਨਹੀਂ ਲਗਾਵੇਗਾ। ਮੈਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਹੈ ਅਤੇ ਪ੍ਰਸਤਾਵ ਨੂੰ ਰੋਕ ਲਿਆ ਗਿਆ ਹੈ'।
'ਕਾਰਜਕਾਰੀ ਇੰਜੀਨੀਅਰ ਰਣਜੀਤ ਸਿੰਘ ਨੇ ਕਿਹਾ, 'ਵਿਭਾਗ ਨੇ ਮਸਤੂਆਣਾ ਸਾਹਿਬ ਦੀ ਤਜਵੀਜ਼ ਨੂੰ ਵਿਸ਼ੇਸ਼ ਕੇਸ ਵਜੋਂ ਪਾਸ ਕੀਤਾ ਕਿਉਂਕਿ ਲੱਖਾਂ ਸ਼ਰਧਾਲੂ ਇਸ ਅਸਥਾਨ ਦੇ ਦਰਸ਼ਨ ਕਰਦੇ ਹਨ। ਹਾਲਾਂਕਿ ਜਦੋਂ ਇਲਾਕਾ ਨਿਵਾਸੀਆਂ ਨੇ ਇਤਰਾਜ਼ ਜਤਾਇਆ ਕਿ ਇਹ ਇਕ ਨਿੱਜੀ ਟਰੱਸਟ ਹੈ ਤਾਂ ਅਸੀਂ ਪ੍ਰਸਤਾਵ ਨੂੰ ਰੋਕ ਦਿੱਤਾ'। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਹੈ ਕਿ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਹੈ।