
ਸਿੱਖ ਦੀ ਪੱਗ ਲਾਹੁਣ ਦਾ ਮਾਮਲਾ : ਭਾਜਪਾ ਆਗੂ ਨੇ ਘੱਟ ਗਿਣਤੀ ਕਮਿਸ਼ਨ ਨੂੰ ਦਿਤੀ ਸ਼ਿਕਾਇਤ
ਘੱਟ ਗਿਣਤੀ ਕਮਿਸ਼ਨ ਨੇ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਦਿਤਾ ਭਰੋਸਾ
ਨਵੀਂ ਦਿੱਲੀ, 11 ਅਕਤੂਬਰ : ਬੀਤੇ ਦਿਨੀਂ ਪਛਮੀ ਬੰਗਾਲ ਦੇ ਹਾਵੜਾ ਵਿਚ ਭਾਜਪਾ ਦੀ ਰੈਲੀ ਦੌਰਾਨ ਇਕ ਸਿੱਖ ਵਿਅਕਤੀ ਬਲਵਿੰਦਰ ਸਿੰਘ ਦੀ ਪੁਲਿਸ ਵਲੋਂ ਹਮਲਾ ਕੀਤੇ ਜਾਣ ਅਤੇ ਉਸ ਦੀ ਪੱਗ ਖਿੱਚੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਭਾਜਪਾ ਦਾ ਕਹਿਣਾ ਹੈ ਕਿ ਪਛਮੀ ਬੰਗਾਲ ਸਰਕਾਰ ਨੇ ਅਜਿਹਾ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਭਾਜਪਾ ਨੇ ਇਸ ਮਾਮਲੇ ਦੀ ਸ਼ਿਕਾਇਤ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਨੂੰ ਦਿਤੀ ਹੈ। ਉਧਰ ਘੱਟ ਗਿਣਤੀ ਕਮਿਸ਼ਨ ਨੇ ਇਸ ਮਾਮਲੇ ਨੂੰ ਅਪਣੇ ਧਿਆਨ 'ਚ ਲੈਂਦੇ ਹੋਏ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਤਾ ਹੈ। ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਆਤਿਫ਼ ਰਸ਼ੀਦ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕੀਤਾ ਸੀ ਕਿ ਸਿੱਖ ਵਿਅਕਤੀ ਬਲਵਿੰਦਰ ਸਿੰਘ ਦੀ ਪੱਗ ਖਿੱਚਣ ਦੇ ਦੋਸ਼ ਵਿਚ ਪਛਮੀ ਬੰਗਾਲ ਪੁਲਿਸ ਖ਼ਿਲਾਫ਼ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਵਿਚ ਸ਼ਿਕਾਇਤ ਦਰਜ਼ ਕੀਤੀ ਗਈ ਹੈ। ਮੈਂ ਆਤਿਫ਼ ਰਸ਼ੀਦ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ।
ਬੱਗਾ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਆਤਿਫ਼ ਨੇ ਲਿਖਿਆ ਕਿ, ''ਮੈਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੋਣ ਦੇ ਨਾਅਤੇ ਤੁਰੰਤ ਤੁਹਾਡੀ ਇਸ ਸ਼ਿਕਾਇਤ ਨੂੰ ਅਪਣੇ ਧਿਆਨ 'ਚ ਲਿਆ ਹੈ ਅਤੇ ਕਮਿਸ਼ਨ 'ਚ imageਕੱਲ ਤਕ ਇਸ ਸਬੰਧ 'ਚ ਉੱਚਿਤ ਕਾਰਵਾਈ ਸ਼ੁਰੂ ਹੋ ਜਾਵੇਗੀ।'' ਭਾਜਪਾ ਨੇਤਾ ਨੇ ਇਸ ਦੇ ਨਾਲ ਹੀ ਲਿਖਿਆ ਕਿ ਮੇਰੀ ਸ਼ਿਕਾਇਤ 'ਤੇ ਬੰਗਾਲ ਦੀ ਪੁਲਿਸ ਖ਼ਿਲਾਫ਼ ਨੋਟਿਸ ਲੈਣ ਲਈ ਦਿਲੋਂ ਧਨਵਾਦ। (ਪੀਟੀਆਈ)