''ਪੰਜਾਬ ਲਈ ਇਤਿਹਾਸਕ ਦਿਨ; ਫ਼ਾਜ਼ਿਲਕਾ ਅਤੇ ਗੁਰਦਾਸਪੁਰ ਵਿੱਚ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਹੋਇਆ''
Published : Oct 12, 2020, 5:48 pm IST
Updated : Oct 12, 2020, 5:48 pm IST
SHARE ARTICLE
Vijay Inder Singla
Vijay Inder Singla

ਲੋਕ ਨਿਰਮਾਣ ਮੰਤਰੀ ਨੇ ਕਿਹਾ, ਪੁਲ ਸਰਹੱਦੀ ਖੇਤਰਾਂ ਵਿੱਚ ਵਿਕਾਸ ਯਕੀਨੀ ਬਣਾਉਣ ਦੇ ਨਾਲ-ਨਾਲ ਸੁਰੱਖਿਆ ਨੂੰ ਮਜ਼ਬੂਤ ਕਰਨਗੇ

ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਵਿਖੇ ਸੁਰੱਖਿਆ ਪੱਖੋਂ ਅਹਿਮ ਅਤੇ ਲੋਕਾਂ ਲਈ ਅਤਿ-ਲੋੜੀਂਦੇ ਪੁਲ ਅੱਜ ਉਦਘਾਟਨ ਉਪਰੰਤ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੇ ਗਏ। ਪੁਲਾਂ ਦੇ ਸਾਂਝੇ ਉਦਘਾਟਨ ਉਪਰੰਤ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੋ ਨਿਬੜਿਆ ਕਿਉਂ ਜੋ ਆਨਲਾਈਨ ਮਾਧਿਆਮ ਰਾਹੀਂ ਹੋਏ ਉਦਘਾਟਨੀ ਸਮਾਰੋਹ, ਜਿਸ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕੀਤੀ, ਵਿੱਚ ਸੂਬੇ ਦੇ ਚਾਰ ਅਤਿ-ਲੋੜੀਂਦੇ ਪੁਲਾਂ ਦਾ ਉਦਘਾਟਨ ਕੀਤਾ ਗਿਆ। ਸੁਰੱਖਿਆ ਦੇ ਨਜ਼ਰੀਏ ਤੋਂ ਅਹਿਮ ਅਤੇ ਸਰਹੱਦੀ ਜ਼ਿਲ੍ਹਿਆਂ ਦੀ ਮੁਕਾਮੀ ਬਾਸ਼ਿੰਦਿਆਂ ਦੀਆਂ ਲੋੜਾਂ ਦੀ ਪੂਰਤੀ ਕਰਦੇ ਇਨ੍ਹਾਂ ਪੁਲਾਂ ਵਿੱਚੋਂ ਤਿੰਨ ਪੁਲ ਜ਼ਿਲ੍ਹਾ ਗੁਰਦਾਸਪੁਰ ਅਤੇ ਇੱਕ ਪੁਲ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਣਾਇਆ ਗਿਆ ਹੈ।

Vijay Inder SinglaVijay Inder Singla

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਨ੍ਹਾਂ ਚਾਰ ਪੁਲਾਂ ਦੀ ਉਸਾਰੀ ਨਾਲ ਨਾ ਸਿਰਫ਼ ਸਰਹੱਦੀ ਖੇਤਰਾਂ ਦਾ ਆਰਥਿਕ ਅਤੇ ਸਮਾਜਿਕ ਵਿਕਾਸ ਹੋਵੇਗਾ, ਸਗੋਂ ਪੂਰੇ ਦੇਸ਼ ਦੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਮੁੱਚੇ ਸਮਾਜਿਕ-ਆਰਥਿਕ ਸੁਧਾਰਾਂ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਨੂੰ ਜੋੜਨ ਲਈ ਰਾਜਮਾਰਗਾਂ ਦਾ ਵਿਕਾਸ ਸ਼ਾਮਲ ਹੈ।

Vijay Inder SinglaVijay Inder Singla

ਪੁਲਾਂ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੋਨੇਵਾਲਾ-ਰਸੂਲਪੁਰ ਸੜਕ `ਤੇ ਕਾਸੋਵਾਲ ਵਿਖੇ ਧਰਮਕੋਟ ਪੱਤਣ ਨੇੜੇ ਰਾਵੀ ਦਰਿਆ ਉਪਰ ਬਣਾਇਆ ਗਿਆ 483.95 ਮੀਟਰ ਲੰਮਾ ਮਲਟੀ ਸੈੱਲ ਬਾਕਸ ਬ੍ਰਿਜ (ਸਬਮਰਸੀਬਲ) ਸੁਰੱਖਿਆ ਬਲਾਂ ਲਈ ਜ਼ਰੂਰੀ ਸੰਪਰਕ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜ ਵਿੱਚ ਸਹਾਈ ਹੋਵੇਗਾ। ਇਸ ਤੋਂ ਇਲਾਵਾ ਸਰਹੱਦ ਨਾਲ ਲਗਦੇ ਕਾਸੋਵਾਲ ਐਨਕਲੇਵ ਦੇ ਬਹੁਤ ਸਾਰੇ ਪਿੰਡ ਸਮਾਜਿਕ ਅਤੇ ਆਰਥਿਕ ਤੌਰ `ਤੇ ਮੁੱਖ ਸ਼ਹਿਰਾਂ ਨਾਲ ਜੁੜਨਗੇ।

Vijay Inder SinglaVijay Inder Singla

ਪੁਲਾਂ ਦੀ ਜ਼ਰੂਰਤ ਬਾਰੇ ਦੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕਾਸੋਵਾਲ ਐਨਕਲੇਵ ਬਰਸਾਤਾਂ ਦੇ ਦਿਨਾਂ ਨੂੰ ਛੱਡ ਕੇ ਬਾਕੀ ਦਿਨਾਂ ਵਿੱਚ ਹੀ ਸੀਮਤ ਸਮਰੱਥਾ ਵਾਲੇ ਪੈਨਟੂਨ ਪੁਲ ਰਾਹੀਂ ਰਾਜ ਦੇ ਬਾਕੀ ਹਿੱਸੇ ਨਾਲ ਜੁੜਿਆ ਰਹਿੰਦਾ ਹੈ, ਜਦੋਂ ਕਿ ਬਰਸਾਤਾਂ ਵਿੱਚ ਹਰ ਸਾਲ ਇਹ ਪੁਲ ਹਟਾਉਣਾ ਪੈਂਦਾ ਹੈ। ਇਸ ਕਾਰਨ ਕਿਸਾਨ ਦਰਿਆ ਪਾਰ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਉਤੇ ਬਰਸਾਤਾਂ ਦੌਰਾਨ ਕਾਸ਼ਤ ਨਹੀਂ ਕਰ ਸਕਦੇ ਸਨ। ਇਸ ਦੇ ਨਾਲ ਹੀ ਮੌਨਸੂਨ ਦੌਰਾਨ ਫ਼ੌਜ ਲਈ ਕੁਮਕ ਭੇਜਣੀ ਅਤੇ ਸੰਚਾਰ ਬਣਾਈ ਰੱਖਣਾ ਚੁਣੌਤੀ ਬਣਿਆ ਰਹਿੰਦਾ ਸੀ। ਇਹ ਪੁਲ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਇਸ ਐਨਕਲੇਵ ਨੂੰ ਭਾਰਤ ਦੇ ਬਾਕੀ ਹਿੱਸੇ ਨਾਲ ਹਮੇਸ਼ਾ ਲਈ ਜੋੜ ਦੇਵੇਗਾ।

ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੋਗਰਾ ਮੰਦਰ-ਪੜੋਲ-ਜਨਿਆਲ-ਬਮਿਆਲ ਸੜਕ `ਤੇ 42.96 ਮੀਟਰ ਲੰਮੇ ਬਾਜੂ ਪੁਲ ਦਾ ਵਿਭਾਗੀ ਤੌਰ `ਤੇ ਨਿਰਮਾਣ ਕੀਤਾ ਗਿਆ ਹੈ, ਜੋ ਦੋ ਮਾਰਗੀ ਮਲਟੀ ਸੈੱਲ ਬਾਕਸ ਬ੍ਰਿਜ ਹੈ। ਇਹ ਕੌਮਾਂਤਰੀ ਸਰਹੱਦ ਉਤੇ ਤਾਇਨਾਤ ਫ਼ੌਜ ਨੂੰ ਸੰਪਰਕ ਸਹੂਲਤ ਪ੍ਰਦਾਨ ਕਰੇਗਾ। ਇਸ ਮਾਰਗ `ਤੇ ਹੋਰ ਵੀ ਕਈ ਪਿੰਡ ਪੈਂਦੇ ਹਨ, ਜਿਨ੍ਹਾਂ ਨੂੰ ਇਸ ਮਾਰਗ ਨਾਲ ਸੜਕੀ ਸੰਪਰਕ ਮੁਹੱਈਆ ਹੁੰਦਾ ਹੈ। ਇਹ ਸੜਕ ਜੰਮੂ-ਕਸ਼ਮੀਰ (ਯੂ.ਟੀ.) ਦੇ ਕੌਮੀ ਸ਼ਾਹਰਾਹ-1ਏ ਨੂੰ ਵੀ ਪੰਜਾਬ ਨਾਲ ਜੋੜਦੀ ਹੈ ਅਤੇ ਅੱਗੇ ਕੌਮਾਂਤਰੀ ਸੀਮਾ ਵੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਮੌਨਸੂਨ ਦੌਰਾਨ ਜ਼ਿਆਦਾ ਪਾਣੀ ਭਰਨ ਕਾਰਨ ਆਵਾਜਾਈ ਦੇ ਯੋਗ ਨਹੀਂ ਰਹਿੰਦੀ, ਜਿਸ ਕਾਰਨ ਮੁਕਾਮੀ ਵਸੋਂ ਨੂੰ ਨਿੱਤ ਦੇ ਕਾਰ-ਵਿਹਾਰ ਵਿੱਚ ਰੁਕਾਵਟ ਆਉਂਦੀ ਹੈ ਅਤੇ ਹਥਿਆਰਬੰਦ ਬਲਾਂ ਦੀ ਕਾਰਜ ਕੁਸ਼ਲਤਾ ਵੀ ਪ੍ਰਭਾਵਤ ਹੁੰਦੀ ਹੈ।

ਇਸ ਪੁਲ ਦਾ ਕੰਮ ਮਈ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਭਾਰੀ ਆਵਾਜਾਈ ਅਤੇ ਮੀਂਹ ਕਾਰਨ ਕੰਮ ਨੂੰ ਨਿਰਵਿਘਨ ਚਲਾਉਣਾ ਚੁਣੌਤੀ ਸੀ ਪਰ ਲੋਕ ਨਿਰਮਾਣ ਵਿਭਾਗ ਦੀ ਸਖ਼ਤ ਮਿਹਨਤ ਅਤੇ ਟੀਮ ਦੇ ਦ੍ਰਿੜ੍ਹ ਯਤਨਾਂ ਸਦਕਾ, 42.96 ਮੀਟਰ ਲੰਮਾ ਇਹ ਪੁਲ ਪੰਜ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰ ਲਿਆ ਗਿਆ।  ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਤੀਜਾ ‘ਸ਼ਿੰਗਾਰਵਾਂ ਪੁਲ’, ਜਿਸ ਦੀ ਲੰਬਾਈ 30.20 ਮੀਟਰ ਹੈ, ਪਰਮਾਨੰਦ-ਤਾਰਾਗੜ੍ਹ-ਕਥਲੌਰ-ਐਨਜੇਐਸ-ਪੜੋਲ ਮਾਰਗ ’ਤੇ ਬਣਾਇਆ ਗਿਆ ਹੈ। ਵਿਭਾਗੀ ਤੌਰ `ਤੇ ਬਣਾਇਆ ਗਿਆ ਇਹ ਪੁਲ ਅੰਤਰਰਾਸ਼ਟਰੀ ਸੀਮਾ 'ਤੇ ਤਾਇਨਾਤ ਫ਼ੌਜ ਅਤੇ ਇਸ ਮਾਰਗ 'ਤੇ ਪੈਂਦੇ ਕਈ ਪਿੰਡਾਂ ਨੂੰ ਸੰਪਰਕ ਸਹੂਲਤ ਮੁਹੱਈਆ ਕਰੇਗਾ। ਇਹ ਸੜਕ ਵੀ ਜੰਮੂ-ਕਸ਼ਮੀਰ (ਯੂ.ਟੀ.) ਨੂੰ ਪੰਜਾਬ ਨਾਲ ਜੋੜਦੀ ਹੈ ਅਤੇ ਪਠਾਨਕੋਟ ਤੋਂ ਜੰਮੂ ਤੱਕ ਐਨ.ਐਚ.-1ਏ ਦਾ ਬਦਲਵਾਂ ਰਸਤਾ ਵੀ ਪ੍ਰਦਾਨ ਕਰਦੀ ਹੈ।

ਉਨ੍ਹਾਂ ਕਿਹਾ ਕਿ ਨਾਲੇ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਪਰਮਾਨੰਦ-ਤਾਰਾਗੜ੍ਹ-ਕਥਲੌਰ- ਐਨ.ਜੇ.ਐਸ.-ਪੜੋਲ ਸੜਕ ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਆਵਾਜਾਈ ਦੇ ਯੋਗ ਨਹੀਂ ਰਹਿੰਦੀ, ਜਿਸ ਨਾਲ ਸਥਾਨਕ ਲੋਕਾਂ ਦੇ ਰੋਜ਼ਾਨਾ ਕੰਮਕਾਜ ਵਿੱਚ ਰੁਕਾਵਟ ਆਉਂਦੀ ਹੈ ਅਤੇ ਸੁਰੱਖਿਆ ਬਲਾਂ ਦੀ ਕਾਰਜ ਕੁਸ਼ਲਤਾ ਵੀ ਪ੍ਰਭਾਵਤ ਹੁੰਦੀ ਹੈ। ਇਸ ਸੜਕ ਦੀ ਮਹੱਤਤਾ ਅਤੇ ਰਣਨੀਤਕ ਦ੍ਰਿਸ਼ਟੀਕੋਣ ਦੇ ਨਾਲ-ਨਾਲ ਵੱਡੀ ਆਬਾਦੀ ਦੀ ਨਿਰਭਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਪੁਲ ਦੀ ਉਸਾਰੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਅਤੇ ਇਸ ਪੁਲ ਦਾ ਨਿਰਮਾਣ ਨੌਂ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰ ਲਿਆ ਗਿਆ।

ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਬਣਾਏ ਗਏ ਪੁਲ ਬਾਰੇ ਦੱਸਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ 40 ਮੀਟਰ ਲੰਮਾ ਸਟੀਲ ਦੇ ਢਾਂਚੇ ਵਾਲਾ ਇਹ ਪੁਲ ਸਬੁਨਾ-ਮੌਜ਼ਮ ਵਿਖੇ ਬਣਾਇਆ ਗਿਆ ਹੈ ਅਤੇ ਇਹ ਪੁਲ ਸਰਹੱਦੀ ਖੇਤਰਾਂ ਵਿੱਚ ਸਥਿਤ ਪਿੰਡਾਂ ਨੂੰ ਆਵਾਜਾਈ ਸੰਪਰਕ ਦੀ ਸਹੂਲਤ ਦੇਵੇਗਾ ਅਤੇ ਇਹ ਫ਼ਾਜ਼ਿਲਕਾ ਤੋਂ ਮੌਜੂਦਾ ਪੀਡਬਲਯੂਡੀ ਸੜਕ ਨੂੰ ਖ਼ਾਨਪੁਰ ਤੋਂ ਕੇਰਿਆਂ ਪਿੰਡ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਇਹ ਨਵਾਂ ਪੁਲ 1972 ਵਿੱਚ ਬਣੇ ਸੀਮਤ ਭਾਰ ਸਮਰੱਥਾ ਵਾਲੇ ਪੁਰਾਣੇ ਐਕਸਟਰਾ ਵਾਈਡ ਬੈਲੇ ਬ੍ਰਿਜ (ਈ.ਡਬਲਯੂ.ਬੀ.ਬੀ.) ਦੀ ਥਾਂ ਬਣਾਇਆ ਗਿਆ ਹੈ। ਇਹ ਪੁਲ ਖੇਤੀਬਾੜੀ ਨੂੰ ਹੁਲਾਰਾ ਦੇ ਕੇ ਸਰਹੱਦ ਨੇੜੇ ਵਸਦੀ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਲਾਭ ਪਹੁੰਚਾਏਗਾ ਅਤੇ ਇਸ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸੁਧਾਰ ਲਿਆਏਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement