
ਕਾਂਗਰਸ ਨੂੰ ਨੁਕਸਾਨ ਪਹੁੰਚਾ ਰਹੇ ਹਨ ਨਵਜੋਤ ਸਿੰਘ ਸਿੱਧੂ : ਰਵਨੀਤ ਬਿੱਟੂ
ਕਿਹਾ, ਅਪਣੀ ਪਾਰਟੀ ਬਣਾ ਕੇ ਚੋਣ ਲੜਨ
ਚੰਡੀਗੜ੍ਹ, 11 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਸਿੱਧੂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਅਪਣੀ ਪਾਰਟੀ ਬਣਾ ਕੇ ਚੋਣ ਲੜਨ।
ਉਨ੍ਹਾਂ ਕਿਹਾ ਕਿ ਸਿੱਧੂ ਕਿਸੇ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਬਾਹਰੋਂ ਆਏ ਮਨਪ੍ਰੀਤ ਬਾਦਲ ਤੇ ਸਿੱਧੂ ਨੂੰ ਮੰਤਰੀ ਬਣਾ ਦਿਤਾ ਗਿਆ ਜਦਕਿ ਬੇਅੰਤ ਸਿੰਘ ਨੇ ਪੰਜਾਬ ਲਈ ਕੁਰਬਾਨੀ ਦਿਤੀ ਪਰ ਅਸੀਂ ਕਦੇ ਵੀ ਗੁਰਕੀਰਤ ਕੋਟਲੀ ਲਈ ਅਹੁਦਾ ਨਹੀਂ ਮੰਗਿਆ।
ਉਨ੍ਹਾਂ ਕਿਹਾ ਕਿ ਸਿੱਧੂ ਨੇ ਸਟੇਜ ਉਤੇ ਜੋ ਕੀਤਾ, ਉਹ ਗ਼ਲਤ ਸੀ। ਰਾਹੁਲ ਗਾਂਧੀ ਸਾਹਮਣੇ ਮੰਤਰੀ ਨੂੰ ਬੁਰਾ ਭਲਾ ਕਿਹਾ। ਇਹ ਕਿਸੇ ਪੱਖੋਂ ਵੀ ਜਾਇਜ਼ ਨਹੀਂ ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਧੂ ਹਮੇਸ਼ਾ ਅਪਣੀ ਸ਼ਰਤ ਮਨਵਾਉਣੀ ਚਾਹੁੰਦੇ ਹਨ ਜੋ ਕਿ ਪਾਰਟੀਆਂ ਅੰਦਰ ਨਹੀਂ ਚਲਦਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਫ਼ੈਸਲੇ ਮੰਨ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਪਰ ਸਿੱਧੂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਤੇ ਉਹ ਕਿਸੇ ਨਾਲ ਮਿਲ ਕੇ ਨਹੀਂ ਚੱਲ ਸਕਦੇ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਘਰ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਹਾਲ 'ਚ ਹੀ ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਹਰੀਸ਼ ਰਾਵਤ ਮਨਾ ਕੇ ਮੋਗਾ ਰੈਲੀ 'ਚ ਲੈ ਕੇ ਆਏ ਸਨ। ਇਸ ਰੈਲੀ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਿੱਸਾ ਲਿਆ ਸੀ। ਪਾਰਟੀ ਨੇ ਇਥੇ ਸਿੱਧੂ ਨੂੰ ਬੋਲਣ ਦਾ ਮੌਕਾ ਦਿਤਾ ਸੀ ਪਰ ਇਸੇ ਦੌਰਾਨ ਟਰੈਕਟਰ ਰੈਲੀ ਨੂੰ ਦੇਰੀ ਹੁੰਦੀ ਦੇਖ ਕੇ ਹਰੀਸ਼ ਰਾਵਤ ਨੇ ਇਕ ਪਰਚੀ ਦੇ ਕੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਸਿੱਧੂ ਕੋਲ ਭੇਜਿਆ। ਜਦੋਂ ਹੀ ਰੰਧਾਵਾ ਪਰਚੀ ਦੇਣ ਲੱਗੇ ਤਾਂ ਸਿੱਧੂ imageਸਟੇਜ 'ਤੇ ਹੀ ਬੋਲਣ ਲੱਗ ਪਏ ਤੇ ਬਾਅਦ 'ਚ ਰੁਸ ਕੇ ਚਲੇ ਗਏ। ਇਸ ਤੋਂ ਬਾਅਦ ਉਹ ਨਾ ਤਾਂ ਰਾਹੁਲ ਗਾਂਧੀ ਦੀ ਸੰਗਰੂਰ ਤੇ ਨਾ ਹੀ ਪਟਿਆਲਾ ਰੈਲੀ 'ਚ ਨਜ਼ਰ ਆਏ।