
ਜੇਕਰ ਕੋਈ ਆਗੂ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪ੍ਰਸ਼ੰਸਾ ਕਰਨੀ ਬਣਦੀ ਹੈ
ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੁੱਤਰ ਦਾ ਵਿਆਹ ਹੋਇਆ ਹੈ ਤੇ ਇਸ ਵਿਆਹ ਵਿਚ ਸਾਦਗੀ ਦੇਖਣ ਨੂੰ ਮਿਲੀ ਜਿਸ ਦਾ ਹਰ ਕੋਈ ਮੁਰੀਦ ਹੋ ਗਿਆ। ਵਿਆਹ ਵਿਚ ਪੁੱਜੇ ਸਾਰੇ ਸਿਆਸੀ ਆਗੂਆਂ, ਰਿਸ਼ਤੇਦਾਰਾਂ ਤੇ ਮਿੱਤਰਾਂ ਨੇ ਚਰਨਜੀਤ ਚੰਨੀ ਸਮੇਤ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਤੇ ਇਸ ਵਿਆਹ ਦੀ ਤਾਰੀਫ਼ ਕਰਦਾ ਕੋਈ ਨਹੀਂ ਥੱਕ ਰਿਹਾ। ਅੱਜ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਚਰਨਜੀਤ ਚੰਨੀ ਵਲੋਂ ਆਪਣੇ ਪੁੱਤਰ ਦੇ ਕੀਤੇ ਸਾਦਗੀ ਭਰੇ ਵਿਆਹ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਹੈ ਕਿ ਜੇਕਰ ਕੋਈ ਆਗੂ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪ੍ਰਸ਼ੰਸਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਦੀਆਂ ਸੋਸ਼ਲ ਮੀਡੀਆ ’ਤੇ ਫੋਟੋਆਂ ਅਤੇ ਵੀਡੀਓ ਦੇਖੀਆਂ, ਜਿਸ ਵਿਚ ਉਹ ਪੰਗਤ ਵਿਚ ਬੈਠ ਕੇ ਬੜੇ ਸਾਦੇ ਢੰਗ ਨਾਲ ਲੰਗਰ ਛਕ ਰਹੇ ਹਨ ਜੋ ਸਾਰੇ ਹੀ ਬੁੱਧੀਜੀਵੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਚੰਗਾ ਲੱਗਿਆ ਕਿ ਸਾਡਾ ਮੁੱਖ ਮੰਤਰੀ ਇਕ ਆਮ ਵਿਅਕਤੀ ਬਣ ਕੇ ਜੀਵਨ ਬਤੀਤ ਕਰਦਾ ਹੈ।
Charanjeet Channi
ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਕਈ ਲੋਕਾਂ ਵਲੋਂ ਬਿਆਨ ਦਿੱਤੇ ਗਏ ਕਿ ਦਲਿਤ ਚਿਹਰਾ ਅੱਗੇ ਆਇਆ ਜਦਕਿ ਜਾਤ ਕੋਈ ਉੱਚੀ ਨੀਵੀਂ ਨਹੀਂ ਬਲਕਿ ਸਾਨੂੰ ਸੋਚ ਉੱਚੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਅਜਿਹੇ ਹਨ ਜੋ ਕੁਰਸੀਆਂ ਦੇ ਹੰਕਾਰ ਵਿਚ ਦੱਬੇ ਹੋਏ ਹਨ ਅਤੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਜਿਸ ਦੀ ਮਿਸਾਲ ਪਿਛਲੇ ਦਿਨਾਂ ਵਿਚ ਕਿਸਾਨੀ ਸੰਘਰਸ਼ ਦੌਰਾਨ ਹੰਕਾਰੀ ਆਗੂਆਂ ਦੀਆਂ ਗੱਡੀਆਂ ਨੇ ਕਿਸਾਨਾਂ ਨੂੰ ਦਰੜ ਕੇ ਦੇ ਦਿੱਤੀ ਹੈ ਅਤੇ ਅਜਿਹੇ ਉੱਚੀਆਂ ਜਾਤਾਂ ਅਤੇ ਵੱਡੀਆਂ ਬਰਾਦਰੀਆਂ ਨੂੰ ਕੀ ਕਰੋਗੇ।
Bhai Ranjit Singh Ji Dhadrianwale
ਢੱਡਰੀਆਂ ਵਾਲਿਆਂ ਨੇ ਮੁੱਖ ਮੰਤਰੀ ਚੰਨੀ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਅਤੇ ਆਮ ਜਨਤਾ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦੇ ਢੰਗ ਦੀ ਵੀ ਤਾਰੀਫ਼ ਕੀਤੀ ਤੇ ਉਹਨਾਂ ਕਿਹਾ ਕਿ ਉਹ ਆਪਣੇ ਵਾਅਦਿਆਂ ’ਤੇ ਖ਼ਰਾ ਉਤਰਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਸਾਡੇ ਸੂਬੇ ਦੇ ਲੋਕ ਮੁਫ਼ਤ ਆਟਾ-ਦਾਲ ਦੇ ਮੋਹਤਾਜ਼ ਨਾ ਹੋ ਕੇ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਨ ਜਿਸ ਦੀ ਉਹ ਹਮੇਸ਼ਾ ਹੀ ਆਪਣੇ ਪ੍ਰਚਾਰ ਦੌਰਾਨ ਸੰਗਤ ਨੂੰ ਅਪੀਲ ਕਰਦੇ ਰਹਿੰਦੇ ਹਨ।
ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਭਿਖਾਰੀ ਨਾ ਬਣਾਉਣ ਬਲਕਿ ਨੌਜਵਾਨਾਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾ ਆਤਮ-ਨਿਰਭਰ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤਾਂ ਜੋ ਉਹ ਇੱਜ਼ਤ ਨਾਲ ਆਟਾ-ਦਾਲ ਖਰੀਦ ਕੇ ਲਿਆਵੇ ਅਤੇ ਵਧੀਆ ਜ਼ਿੰਦਗੀ ਬਤੀਤ ਕਰੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਚੰਨੀ ਦੀ ਇਹ ਸੋਚ ਦੇਖ ਉਨ੍ਹਾਂ ਖੁਸ਼ੀ ਮਹਿਸੂਸ ਹੋਈ ਕਿ ਉਹ ਲੋਕਾਂ ਨੂੰ ਮੁਫ਼ਤ ਆਟਾ-ਦਾਲ ਦੇਣ ਦੀ ਬਜਾਏ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਜੋ ਕਿ ਕਹਿ ਰਹੇ ਹਨ ਉਹ ਪੂਰਾ ਕਰਕੇ ਜ਼ਰੂਰ ਦਿਖਾਉਣ ਕਿਉਂਕਿ ਪਿਛਲੇ ਸਮਿਆਂ ਦੌਰਾਨ ਦੇਖਿਆ ਗਿਆ ਕਿ ਸਰਕਾਰਾਂ ਵਲੋਂ ਲੋਕਾਂ ਨਾਲ ਵਾਅਦੇ ਤਾਂ ਕਰ ਲਏ ਜਾਂਦੇ ਹਨ ਪਰ ਪੂਰੇ ਨਹੀਂ ਕੀਤੇ ਜਾਂਦੇ।