
ਕੈਪਟਨ ਲਈ ਕਾਂਗਰਸ ਦੇ ਦਰਵਾਜ਼ੇ ਹਾਲੇ ਵੀ ਖੁਲ੍ਹੇ ਹਨ : ਹਰੀਸ਼ ਰਾਵਤ
ਨਵੀਂ ਦਿੱਲੀ, 11 ਅਕਤੂਬਰ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸੂਬੇ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਹਲਚਲ ਮਚਾ ਦਿਤੀ ਹੈ | ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲਈ ਕਾਂਗਰਸ ਦੇ ਦਰਵਾਜ਼ੇ ਖੁਲ੍ਹੇ ਹਨ | ਉਨ੍ਹਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੀ ਸੰਭਾਵਨਾ ਹੈ | ਹੁਣ ਤਕ ਰਾਵਤ ਕੈਪਟਨ ਅਮਰਿੰਦਰ 'ਤੇ ਹਮਲਾਵਰ ਰੁਖ਼ ਅਪਣਾ ਰਹੇ ਸਨ | ਕੈਪਟਨ ਅਮਰਿੰਦਰ ਸਿੰਘ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਨੇ ਕੈਪਟਨ ਦੀ ਆਲੋਚਨਾ ਕੀਤੀ ਸੀ | ਉਨ੍ਹਾਂ ਨੇ ਇਸ ਮੀਟਿੰਗ ਤੋਂ ਬਾਅਦ ਹੀ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ | ਇਸ ਨਾਲ ਹੀ ਰਾਵਤ ਨੇ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਵਿਵਾਦ ਨੂੰ ਸਾਬਕਾ ਕਾਂਗਰਸੀਆਂ ਦੀ ਸਾਜ਼ਸ਼ ਵੀ ਕਰਾਰ ਦਿਤਾ | ਰਾਵਤ ਨੇ ਕਿਹਾ ਕਿ ਕੁੱਝ ਲੋਕ ਜਾਣਬੁੱਝ ਕੇ ਅਜਿਹੀਆਂ ਗੱਲਾਂ ਦਾ ਪ੍ਰਚਾਰ ਕਰ ਰਹੇ ਹਨ | (ਏਜੰਸੀ)