
ਬੇਅਦਬੀ ਮਾਮਲਾ: ਡੇਰਾ ਸਿਰਸਾ ਦੇ ਤਿੰਨ ਪੇ੍ਰਮੀਆਂ ਵਿਰੁਧ ਨਹੀਂ ਮਿਲਿਆ ਕੋਈ ਜਾਇਦਾਦ ਦਾ ਵੇਰਵਾ, ਫ਼ਾਈਲ ਬੰਦ
ਕੋਟਕਪੂਰਾ, 11 ਅਕਤੂਬਰ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਪਾਵਨ ਸਰੂਪ ਦੇ ਪੰਨੇ (ਅੰਗ) ਪਾੜ ਕੇ ਗਲੀਆਂ ਵਿਚ ਖਿਲਾਰਨ ਅਤੇ 24/25 ਸਤੰਬਰ ਦੀ ਦਰਮਿਆਨੀ ਰਾਤ ਨੂੰ ਬਰਗਾੜੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਅਪਮਾਨਜਨਕ ਸ਼ਬਦਾਵਲੀ ਵਾਲੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਫ਼ਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਤਰਜਨੀ ਦੀ ਅਦਾਲਤ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨਣ ਤੋਂ ਬਾਅਦ ਜਾਇਦਾਦ ਦਾ ਵੇਰਵਾ ਨਾ ਮਿਲਣ ਕਰ ਕੇ ਫ਼ਾਈਲ ਨੂੰ ਠੱਪ ਕਰ ਦਿਤਾ ਹੈ।
ਐਸਆਈਟੀ ਵਲੋਂ ਹੁਣ ਤਕ ਕੀਤੀ ਗਈ ਜਾਂਚ ਮੁਤਾਬਕ ਉਕਤਾਨ ’ਤੇ ਗੁਰੂ ਗ੍ਰੰਥ ਸਾਹਿਬ ਦਾ ਪਵਾਨ ਸਰੂਪ ਚੋਰੀ ਕਰਨ, ਇਤਰਾਜ਼ਯੋਗ ਪੋਸਟਰ ਲਾਉਣ ਅਤੇ ਪੰਨੇ ਗਲੀਆਂ ਵਿਚ ਖਿਲਾਰਨ ਦੇ ਮਾਮਲੇ ਵਿਚ ਸਾਜ਼ਸ਼ ਰਚਣ ਦਾ ਦੋਸ਼ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਲਤ ਨੇ ਅਪਣੇ ਇਕ ਹੁਕਮ ’ਚ ਥਾਣਾ ਬਾਜਾਖ਼ਾਨਾ ਦੇ ਐਸਐਚਉ ਇਕਬਾਲ ਹੁਸੈਨ ਨੂੰ ਹਦਾਇਤ ਕੀਤੀ ਸੀ ਕਿ ਉਹ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰਾਂ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਦੀ ਜਾਇਦਾਦ ਸ਼ਨਾਖਤ ਕਰਨ ਅਤੇ ਇਸ ਦੀ ਸੂਚੀ 11 ਅਕਤੂਬਰ ਤਕ ਅਦਾਲਤ ਸਾਹਮਣੇ ਪੇਸ਼ ਕਰਨ ਤਾਂ ਜੋ ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾ ਸਕੇ। ਅਦਾਲਤ ਨੇ ਉਕਤਾਨ ਵਿਰੁਧ ਆਈਪੀਸੀ ਦੀ ਧਾਰਾ 174-ਏ (ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਟਲਣ) ਤਹਿਤ ਕੇਸ ਦਰਜ ਕਰਨ ਲਈ ਵੀ ਕਿਹਾ ਸੀ। ਉਕਤਾਨ ਕਮੇਟੀ ਮੈਂਬਰ ਬੇਅਦਬੀ ਨਾਲ ਜੁੜੀਆਂ ਅੱਧੀ ਦਰਜਨ ਘਟਨਾਵਾਂ ਵਿਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਨ ਪਰ ਐਸਆਈਟੀ ਤਿੰਨਾਂ ’ਚੋਂ ਕਿਸੇ ਨੂੰ ਵੀ ਗਿ੍ਰਫ਼ਤਾਰ ਕਰਨ ’ਚ ਕਾਮਯਾਬ ਨਹੀਂ ਹੋ ਸਕੀ। ਐਸਆਈਟੀ ਨੇ ਅਦਾਲਤ ਨੂੰ ਦਸਿਆ ਕਿ ਉਕਤਾਨ ਤਿੰਨਾਂ ਦੀ ਗਿ੍ਰਫ਼ਤਾਰੀ ਲਈ ਉਨ੍ਹਾਂ ਪੰਜਾਬ ਅਤੇ ਗੁਆਂਢੀ ਰਾਜਾਂ ਸਮੇਤ ਹੋਰ ਕਈ ਥਾਵਾਂ ’ਤੇ ਛਾਪੇ ਮਾਰੇ ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗੇ।
ਥਾਣਾ ਬਾਜਾਖ਼ਾਨਾ ਦੇ ਐਸਐਚਉ ਇਕਬਾਲ ਹੁਸੈਨ ਨੇ ਅਦਾਲਤ ਵਿਚ ਕਿਹਾ ਕਿ ਭਗੌੜੇ ਐਲਾਨੇ ਗਏ ਡੇਰੇ ਦੀ ਕੌਮੀ ਕਮੇਟੀ ਮੈਂਬਰਾਂ ਦੀ ਜਾਇਦਾਦ ਦਾ ਵੇਰਵਾ ਅਤੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਜਿਸ ’ਤੇ ਅਦਾਲਤ ਨੇ ਇਹ ਕੇਸ ਠੱਪ ਕਰ ਦਿਤਾ ਹੈ ਅਤੇ ਜਾਇਦਾਦ ਮਿਲਣ ’ਤੇ ਹੀ ਇਸ ਦੀ ਕਾਰਵਾਈ ਅੱਗੇ ਚਲੇਗੀ। ਡੇਰਾ ਪੇ੍ਰਮੀਆਂ ਦੀ ਫ਼ਾਈਲ ਬੰਦ ਹੋਣ ਨਾਲ ਪੀੜਤ ਪ੍ਰਵਾਰਾਂ, ਚਮਸ਼ਦੀਦ ਗਵਾਹਾਂ ਅਤੇ ਪੰਥਦਰਦੀਆਂ ’ਚ ਹੜਕੰਪ ਮੱਚਣਾ ਸੁਭਾਵਕ ਹੈ।