
ਰਾਜੋਆਣਾ ਦੀ ਪਟੀਸ਼ਨ 'ਤੇ ਅੰਤਿਮ ਨਿਪਟਾਰੇ ਲਈ ਇਕ ਨਵੰਬਰ ਨੂੰ ਹੋਵੇਗੀ ਸੁਣਵਾਈ
ਕੇਂਦਰ ਨੇ ਸੁਪ੍ਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਕਿ ਸੂਬੇ ਦੀ ਸੁਰੱਖਿਆ ਦੇ ਮੱਦੇਨਜ਼ਰ ਹਾਲੇ ਫ਼ੈਸਲਾ ਨਹੀਂ ਲਿਆ
ਨਵੀਂ ਦਿੱਲੀ, 11 ਅਕਤੂਬਰ : ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ 1995 'ਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ 'ਤੇ 1 ਨਵੰਬਰ ਨੂੰ ਤਿੰਨ ਜੱਜਾਂ ਦਾ ਬੈਂਚ ਅੰਤਿਮ ਨਿਪਟਾਰੇ ਲਈ ਸੁਣਵਾਈ ਕਰੇਗਾ | ਪਟੀਸ਼ਨ ਵਿਚ ਰਾਜੋਆਣਾ ਨੇ ਅਪਣੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ | ਉਸ ਦੀ ਰਹਿਮ ਦੀ ਅਪੀਲ ਇਕ ਦਹਾਕੇ ਤੋਂ ਵਧ ਸਮੇਂ ਤੋਂ ਸਰਕਾਰ ਕੋਲ ਲਟਕਵੀਂ ਹੈ | ਕੇਂਦਰ ਸਰਕਾਰ ਨੇ ਸੁਪ੍ਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਹੈ ਕਿ ਸੂਬੇ 'ਚ ਸੁਰੱਖਿਆ ਦੀ ਸਥਿਤੀ ਦੇ ਮੱਦੇਨਜ਼ਰ ਹਾਲੇ ਫ਼ੈਸਲਾ ਨਹੀਂ ਲਿਆ ਜਾ ਸਕਦਾ |
ਰਾਜੋਆਣਾ ਦੇ ਵਕੀਲ ਮੁਕੁਲ ਰੋਹਤਗੀ ਨੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੂੰ ਦਸਿਆ ਕਿ ਉਨ੍ਹਾਂ ਦਾ ਮੁਵੱਕਿਲ 26 ਸਾਲਾਂ ਤੋਂ ਜੇਲ ਵਿਚ ਹੈ | ਉਨ੍ਹਾਂ ਕਿਹਾ ਕਿ ਸੁਪ੍ਰੀਮ ਕੋਰਟ ਦੇ ਫ਼ੈਸਲਿਆਂ ਦੇ ਆਧਾਰ 'ਤੇ ਉਨ੍ਹਾਂ ਕੋਲ ਇਹ ਇਕ ਠੋਸ ਆਧਾਰ ਹੈ ਕਿ ਸੰਵਿਧਾਨ ਦੀ ਧਾਰਾ 21 (ਜੀਵਨ ਦੀ ਆਜ਼ਾਦੀ ਦੀ ਸੁਰੱਖਿਆ ਦਾ ਅਧਿਕਾਰ) ਦੀ ਉਲੰਘਣਾ ਹੋਈ ਹੈ | ਸੁਪ੍ਰੀਮ ਕੋਰਟ ਨੇ 28 ਸਤੰਬਰ ਨੂੰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਬਾਰੇ ਕੇਂਦਰ ਵਲੋਂ ਫ਼ੈਸਲਾ ਨਾ ਲੈਣ 'ਤੇ ਨਾਰਾਜ਼ਗੀ ਪ੍ਰਗਟਾਈ ਸੀ |
ਮੰਗਲਵਾਰ ਦੀ ਸੁਣਵਾਈ ਦੌਰਾਨ, ਰੋਹਤਗੀ ਨੇ ਬੈਂਚ ਦੇ ਸਾਹਮਣੇ ਜੋਰ ਦੇ ਕੇ ਕਿਹਾ ਕਿ ਰਾਜੋਆਣਾ ਸਜ਼ਾ ਵਿਚ ਅਜਿਹੀ ਤਬਦੀਲੀ ਦਾ ਹੱਕਦਾਰ ਹੈ | ਬੈਂਚ ਵਿਚ ਜਸਟਿਸ ਐਸਆਰ ਭੱਟ ਅਤੇ ਜਸਟਿਸ ਬੇਲਾ ਐਮ ਤਿ੍ਵੇਦੀ ਵੀ ਸ਼ਾਮਲ ਹਨ | ਬੈਂਚ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਨੇ ਪਹਿਲਾਂ ਸੁਪ੍ਰੀਮ ਕੋਰਟ ਵਿਚ ਇਕ ਸਹਿ-ਦੋਸ਼ੀ ਦੁਆਰਾ ਦਾਇਰ ਅਪੀਲ ਦੇ ਲਟਕੇ ਰਹਿਣ ਦਾ ਹਵਾਲਾ ਦਿਤਾ ਸੀ | ਅਦਾਲਤ ਨੇ ਕਿਹਾ ਕਿ ਉਹ ਦੋਵੇਂ ਮਾਮਲਿਆਂ -ਸਹਿ-ਦੋਸ਼ੀ ਦੀ ਲਟਕਵੀਂ ਅਪੀਲ ਅਤੇ ਰਾਜੋਆਣਾ ਦੀ ਪਟੀਸ਼ਨ-- ਨੂੰ ਇਕ ਹੀ ਦਿਨ ਸੁਣਵਾਈ ਲਈ ਸੂਚੀਬੱਧ ਕਰ ਸਕਦਾ ਹੈ | ਹਾਲਾਂਕਿ ਰੋਹਤਗੀ ਨੇ ਬੈਂਚ ਨੂੰ ਰਾਜੋਆਣਾ ਦੀ ਪਟੀਸ਼ਨ 'ਤੇ ਵੱਖਰੇ ਤੌਰ 'ਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ |
ਉਨ੍ਹਾਂ ਕਿਹਾ, Tਮੈਂ (ਰਾਜੋਆਣਾ) ਇਸ ਨੂੰ ਸਿਰਫ਼ ਇਸ ਕਾਰਨ ਇਕੱਠੇ ਜੋੜਨਾ ਨਹੀਂ ਚਾਹੁੰਦਾ ਕਿ ਮੈਂ 26 ਸਾਲ ਜੇਲ ਵਿਚ ਬਿਤਾਏ ਹਨ | ਮੈਂ ਅਪਣੇ ਮਾਮਲੇ ਵਿਚ ਇਹ ਦਲੀਲ ਪੇਸ਼ ਕਰਨਾ ਚਾਹੁੰਦਾ ਹਾਂ ਕਿ ਮੈਂ ਅਪਣੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਹੱਕਦਾਰ ਹਾਂ |'' ਰੋਹਤਗੀ ਨੇ ਕਿਹਾ ਕਿ ਰਾਜੋਆਣਾ ਜਨਵਰੀ 1996 ਤੋਂ ਜੇਲ ਵਿਚ ਹੈ ਅਤੇ ਉਸ ਦੀ ਰਹਿਮ ਦੀ ਅਪੀਲ ਮਾਰਚ 2012 ਵਿਚ ਦਾਇਰ ਕੀਤੀ ਗਈ ਸੀ | ਉਸ ਨੇ ਕਿਹਾ ਕਿ ਉਸ ਦਾ ਮੁਵੱਕਿਲ 2007 ਤੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ |
ਬੈਂਚ ਨੇ ਕਿਹਾ ਕਿ ਰਾਜੋਆਣਾ ਦੀ ਪਟੀਸ਼ਨ 1 ਨਵੰਬਰ ਨੂੰ ਸੁਣਵਾਈ ਲਈ ਸੂਚੀਬੱਧ ਹੋਵੇਗੀ | ਅਦਾਲਤ ਨੇ ਕਿਹਾ, Tਅੰਤਿਮ ਨਿਪਟਾਰੇ ਲਈ ਇਸ ਨੂੰ 1 ਨਵੰਬਰ, 2022 ਦੇ ਦਿਨ ਸੂਚੀਬੱਧ ਕੀਤਾ ਜਾਵੇ |'' ਬੈਂਚ ਨੇ ਕਿਹਾ ਕਿ ਇਸ ਵਿਚਕਾਰ ਅਧਿਕਾਰੀ ਢੁਕਵੀਂ ਕਾਰਵਾਈ ਕਰਨ ਲਈ ਸੁਤੰਤਰ ਹਨ | ਪੰਜਾਬ ਪੁਲਿਸ ਦੇ ਇਕ ਸਾਬਕਾ ਕਾਂਸਟੇਬਲ ਰਾਜੋਆਣਾ ਨੂੰ 31 ਅਗੱਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ ਹੋਏ ਧਮਾਕੇ ਵਿਚ ਉਸਦੀ ਸਮੂਲੀਅਤ ਲਈ ਦੋਸ਼ੀ ਠਹਿਰਾਇਆ ਗਿਆ ਸੀ | ਇਸ ਘਟਨਾ ਵਿਚ ਬੇਅੰਤ ਸਿੰਘ ਅਤੇ 16 ਹੋਰ ਲੋਕ ਮਾਰੇ ਗਏ ਸਨ | ਰਾਜੋਆਣਾ ਨੂੰ ਜੁਲਾਈ 2007 ਵਿਚ ਵਿਸ਼ੇਸ਼ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ | (ਏਜੰਸੀ)