
ਤੀਜੀ ਵਾਰ ਚੁਣੀ ਗਈ
ਕਪੂਰਥਲਾ - ਕਪੂਰਥਲਾ ਦੇ ਇੱਕ ਮੱਧ ਵਰਗੀ ਪਰਿਵਾਰ ਦੀ ਧੀ ਅਰਸ਼ਪ੍ਰੀਤ ਕੌਰ ਥਿੰਦ ਨੇ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ ਤੇ ਅਰਸ਼ਪ੍ਰੀਤ ਕੌਰ ਅੱਜ ਜੱਜ ਬਣ ਗਈ ਹੈ। ਇਸ ਮੌਕੇ ਅਰਸ਼ਪ੍ਰੀਤ ਦੀ ਮਾਤਾ ਹਰਦੀਸ਼ ਕੌਰ ਅਤੇ ਪਿਤਾ ਸਰਬਜੀਤ ਸਿੰਘ ਨੇ ਆਪਣੀ ਬੇਟੀ ਨੂੰ ਉਸ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ। ਇਸ ਦੌਰਾਨ ਅਰਸ਼ਪ੍ਰੀਤ ਦੀ ਦਾਦੀ ਕੁਲਵਿੰਦਰ ਕੌਰ ਨੇ ਆਪਣੀ ਪੋਤੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਨੂੰ ਆਸ਼ੀਰਵਾਦ ਦਿੱਤਾ।
ਜਾਣਕਾਰੀ ਅਨੁਸਾਰ ਅਰਸ਼ਪ੍ਰੀਤ ਨੇ ਸਾਲ 2019 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਲਐਲਬੀ ਦੀ ਪ੍ਰੀਖਿਆ ਪਾਸ ਕੀਤੀ ਸੀ। ਜਿਸ ਤੋਂ ਬਾਅਦ ਉਹ ਜੁਡੀਸ਼ੀਅਲ ਸਰਵਿਸਿਜ਼ ਇਮਤਿਹਾਨਾਂ ਲਈ ਬੈਠਦੀ ਰਹੀ। ਪਹਿਲੀ ਵਾਰ ਅਰਸ਼ਪ੍ਰੀਤ ਨੇ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਦੀ ਮੁੱਖ ਪ੍ਰੀਖਿਆ ਪਾਸ ਕੀਤੀ, ਪਰ ਇੰਟਰਵਿਊ ਲਈ ਯੋਗ ਨਹੀਂ ਹੋ ਸਕੀ ਪਰ ਅਰਸ਼ਪ੍ਰੀਤ ਨੇ ਹਿੰਮਤ ਨਹੀਂ ਹਾਰੀ, ਅਗਲੇ ਸਾਲ ਉਸ ਨੇ ਹਰਿਆਣਾ ਕੇਡਰ ਤੋਂ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ, ਪਰ ਉੱਥੋਂ ਵੀ ਮੁੱਖ ਪ੍ਰੀਖਿਆ ਪਾਸ ਕਰ ਲਈ। ਪਰ ਇੰਟਰਵਿਊ ਲਈ ਯੋਗ ਨਹੀਂ ਹੋ ਸਕੀ।
ਅਰਸ਼ਪ੍ਰੀਤ ਨੇ ਹਿੰਮਤ ਨਹੀਂ ਹਾਰੀ, ਉਸ ਨੇ ਮੁੜ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਦੀ ਪ੍ਰੀਖਿਆ ਦਿੱਤੀ ਅਤੇ ਇਸ ਵਾਰ ਮੁੱਖ ਪ੍ਰੀਖਿਆ ਦੇ ਨਾਲ-ਨਾਲ ਇੰਟਰਵਿਊ ਲਈ ਵੀ ਕੁਆਲੀਫਾਈ ਕਰ ਲਿਆ। ਇਸ ਤੋਂ ਇਲਾਵਾ ਅਰਸ਼ਪ੍ਰੀਤ ਨੇ ਏ.ਡੀ.ਏ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ ਅਤੇ ਪੰਜਾਬ ਸਰਕਾਰ ਵੱਲੋਂ ਏ.ਡੀ.ਏ. ਵਜੋਂ ਨਿਯੁਕਤੀ ਪ੍ਰਾਪਤ ਕੀਤੀ ਸੀ। ਪਰ ਬੀਤੇ ਦਿਨ ਐਲਾਨੇ ਗਏ ਨਤੀਜਿਆਂ ਵਿੱਚ ਕਪੂਰਥਲਾ ਸ਼ਹਿਰ ਦੀ ਅਰਸ਼ਦੀਪ ਕੌਰ ਥਿੰਦ ਨੇ ਵੀ ਜੁਡੀਸ਼ੀਅਲ ਸਰਵਿਸਿਜ਼ ਇੰਟਰਵਿਊ ਕਲੀਅਰ ਕੀਤੀ ਹੈ।
ਅਰਸ਼ਦੀਪ ਕੌਰ ਨੇ ਕਿਹਾ ਉਹ ਆਪਣੀ ਮਿਹਨਤ ਦਾ ਸਿਹਰਾ ਆਪਣੇ ਪਿਤਾ ਸਰਬਜੀਤ ਸਿੰਘ ਥਿੰਦ ਨੂੰ ਦਿੰਦੀ ਹੈ। ਅਰਸ਼ਦੀਪ ਅਨੁਸਾਰ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਸ ਦੀ ਧੀ ਨਿਆਇਕ ਸੇਵਾ ਵਿਚ ਜਾਵੇ। ਜਿਸ ਲਈ ਉਸ ਨੇ ਬਹੁਤ ਮਿਹਨਤ ਵੀ ਕੀਤੀ। ਜਿਸ ਕਾਰਨ ਉਸ ਦੀ ਦਿਨ ਰਾਤ ਕੀਤੀ ਮਿਹਨਤ ਰੰਗ ਲਿਆਈ।