
ਦਾਦੇ-ਦਾਦੀ ਨਾਲ ਈ-ਰਿਕਸ਼ਾ ’ਤੇ ਨਹਿਰ ਤੋਂ ਭਰਨ ਆਇਆ ਸੀ ਪਾਣੀ
ਫਰੀਦਕੋਟ : ਫਰੀਦਕੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਪੰਜ ਸਾਲਾ ਮਾਸੂਮ ਬੱਚਾ ਨਹਿਰ ਵਿਚ ਰੁੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਨਗਰ ਬਸਤੀ ਫ਼ਰੀਦਕੋਟ ਦੇ ਰਹਿਣ ਵਾਲਾ ਬਜ਼ੁਰਗ ਜੋੜਾ ਨਹਿਰ ’ਤੇ ਲੱਗੇ ਨਕਲੇ ਤੋਂ ਪਾਣੀ ਭਰਨ ਲਈ ਆਇਆ ਸੀ। ਇਸ ਮੌਕੇ ਉਨ੍ਹਾਂ ਦਾ ਪੰਜ ਸਾਲਾ ਪੋਤਾ ਵੀ ਈ-ਰਿਕਸ਼ਾ ’ਤੇ ਉਨ੍ਹਾਂ ਦੇ ਨਾਲ ਆ ਗਿਆ।
ਜਦੋਂ ਬਜ਼ੁਰਗ ਜੋੜਾ ਪਾਣੀ ਭਰਨ ਲਈ ਗਿਆ ਤਾਂ ਬੱਚਾਂ ਈ-ਰਿਕਸ਼ਾ ਵਿਚ ਹੀ ਬੈਠਾ ਸੀ ਅਤੇ ਬੱਚਾ ਦਾ ਹੱਥ ਅਚਾਨਕ ਈ-ਰਿਕਸ਼ਾ ਦੀ ਰੇਸ ’ਤੇ ਗਿਆ, ਜਿਸ ਤੋਂ ਈ-ਰਿਕਸ਼ਾ ਸਮੇਤ ਬੱਚਾ ਨਹਿਰ ਵਿਚ ਰੁੜ੍ਹ ਗਿਆ। ਜਦਕਿ ਭੱਜ ਕੇ ਦਾਦੀ ਨੇ ਈ-ਰਿਕਸ਼ਾ ਨੂੰ ਹੱਥ ਪਾ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਈ-ਰਿਕਸ਼ਾ ਨੂੰ ਰੋਕਣ ਵਿਚ ਕਾਮਯਾਬ ਨਾ ਹੋ ਸਕੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਖਬਰ ਲਿਖੇ ਜਾਣ ਤੱਕ ਗੋਤਾਖੋਰਾਂ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ।