
ਦੁਨੀਆਂ ਵਿਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਅਪਣੇ ਪੈਸ਼ਨ ਨੂੰ ਹੀ ਪ੍ਰੋਫੈਸ਼ਨ ਬਣਾਉਣ ਦਾ ਰਿਸਕ ਉਠਾਉਂਦੇ ਹਨ ਅਤੇ ਲੀਗ ਤੋਂ ਹੱਟ ਕੇ ਕੁਝ ਨਵਾਂ ਕਰਦੇ ਹਨ।
ਚੰਡੀਗੜ੍ਹ: ਇਸ ਦੁਨੀਆਂ ਵਿਚ ਬਹੁਤ ਘੱਟ ਲੋਕ ਹੁੰਦੇ ਹਨ ਜੋ ਅਪਣੇ ਪੈਸ਼ਨ ਨੂੰ ਹੀ ਪ੍ਰੋਫੈਸ਼ਨ ਬਣਾਉਣ ਦਾ ਰਿਸਕ ਉਠਾਉਂਦੇ ਹਨ ਅਤੇ ਲੀਗ ਤੋਂ ਹੱਟ ਕੇ ਕੁਝ ਨਵਾਂ ਕਰਦੇ ਹਨ। ਅਜਿਹੀ ਹੀ ਇਕ ਸ਼ਖਸੀਅਤ ਹੈ ਜਹਾਨ ਗੀਤ ਸਿੰਘ। ਜਿਸ ਨੇ ਸਿਰਫ਼ 12 ਸਾਲ ਦੀ ਉਮਰ ਵਿਚ ਹੀ ਢੋਲ ਵਜਾਉਣਾ ਸ਼ੁਰੂ ਕੀਤਾ ਅਤੇ 19 ਸਾਲ ਦੀ ਹੋਣ ਤੱਕ 300 ਤੋਂ ਜ਼ਿਆਦਾ ਲਾਈਵ ਪ੍ਰਫਾਰਮੈਂਸ ਦੇਣ ਦਾ ਨਵਾਂ ਰਿਕਾਰਡ ਬਣਾਇਆ। ਗੀਤ ਦੇਸ਼ ਦੀ ਪਹਿਲੀ ਅਤੇ ਦੁਨੀਆਂ ਦੀ ਦੂਜੀ ਮਹਿਲਾ ਢੋਲ ਗਰਲ ਹੈ। ਇਸ ਤੋਂ ਇਲਾਵਾ ਉਹ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਢੋਲੀ ਵੀ ਹੈ।
Jahan Geet Singh
ਚੰਡੀਗੜ੍ਹ ਦੀ ਰਹਿਣ ਵਾਲੀ 21 ਸਾਲ ਦੀ ਜਹਾਨ ਗੀਤ ਨੂੰ ਲੋਕ ਭਾਰਤ ਦੀ ‘ਢੋਲ ਗਰਲ’ ਦੇ ਨਾਂਅ ਨਾਲ ਜਾਣਦੇ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਅਪਣੀ ਪੜ੍ਹਾਈ ਦੇ ਨਾਲ-ਨਾਲ ਗੀਤ ਢੋਲ ਵਜਾਉਣ ਦੇ ਅਪਣੇ ਸ਼ੌਂਕ ਅਤੇ ਜਨੂਨ ਨੂੰ ਵੀ ਅੱਗੇ ਵਧਾ ਰਹੀ ਹੈ। ਗੀਤ ਲਈ 12 ਸਾਲ ਦੀ ਉਮਰ ਵਿਚ 9 ਕਿੱਲੋ ਦੇ ਭਾਰੀ ਢੋਲ ਨੂੰ ਘੰਟਿਆਂ ਤੱਕ ਸੰਭਾਲਣਾ ਇਕ ਵੱਡੀ ਚੁਣੌਤੀ ਰਹੀ ਕਿਉਂਕਿ ਢੋਲ ਨੂੰ ਚੁੱਕ ਕੇ ਸਿਰਫ਼ 5 ਮਿੰਟ ਵਜਾਉਣ ਲਈ ਵੀ ਬਹੁਤ ਤਾਕਤ ਅਤੇ ਸ਼ਕਤੀ ਦੀ ਲੋੜ ਹੁੰਦੀ ਹੈ। ਇਸ ਲਈ ਗੀਤ ਨੇ ਹਮੇਸ਼ਾਂ ਹੀ ਅਪਣੇ ਖਾਣ-ਪੀਣ ‘ਤੇ ਖ਼ਾਸ ਧਿਆਨ ਦਿੱਤਾ। ਅਭਿਆਸ ਦੌਰਾਨ ਕਈ ਵਾਰ ਉਹਨਾਂ ਦੇ ਹੱਥਾਂ ‘ਤੇ ਛਾਲੇ ਵੀ ਪੈ ਜਾਂਦੇ ਸਨ ਪਰ ਗੀਤ ਨੇ ਹਾਰ ਨਹੀਂ ਮੰਨੀ ਅਤੇ ਅਪਣੇ ਜਨੂਨ ਨੂੰ ਕਾਇਮ ਰੱਖਿਆ।
Jahan Geet Singh
ਗੀਤ ਦਾ ਕਹਿਣਾ ਹੈ ਕਿ ਇਕ ਵਾਰ ਉਹਨਾਂ ਨੇ ਸਕੂਲ ਤੋਂ ਆਉਂਦਿਆਂ ਰਾਸਤੇ ਵਿਚ ਕੁਝ ਲੋਕਾਂ ਨੂੰ ਢੋਲ ਵਜਾਉਂਦੇ ਹੋਏ ਦੇਖਿਆ, ਜਿਨ੍ਹਾਂ ਦੇ ਚਿਹਰੇ ‘ਤੇ ਅਲੱਗ ਹੀ ਨੂਰ ਸੀ, ਜਿਸ ਨੂੰ ਦੇਖ ਕੇ ਉਸ ਨੂੰ ਲੱਗਿਆ ਕਿ ਬਸ ਹੁਣ ਢੋਲ ਸਿੱਖਣਾ ਹੈ। ਗੀਤ ਦੇ ਇਸ ਸੁਪਨੇ ਨੇ ਨਾ ਸਿਰਫ਼ ਉਸ ਦੀ ਜ਼ਿੰਦਗੀ ਬਦਲੀ ਬਲਕਿ ਸਮਾਜ ਦੀ ਸੋਚ ਨੂੰ ਵੀ ਚੁਣੌਤੀ ਦਿੱਤੀ। ਉਸ ਨੂੰ Youngest & Only Female Dholi ਦਾ ਖਿਤਾਬ ਵੀ ਮਿਲਿਆ ਹੈ। ਜਹਾਨ ਗੀਤ ਨੂੰ 2013 ਵਿਚ 15 ਅਗਸਤ ਮੌਕੇ ਵੀ ਸਨਮਾਨਿਤ ਕੀਤਾ ਗਿਆ ਸੀ।
Jahan Geet Singh
ਜਹਾਨ ਗੀਤ ਨੂੰ ਅਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਪਰਿਵਾਰ ਦਾ ਪੂਰਾ ਸਾਥ ਮਿਲਿਆ। ਚੰਡੀਗੜ੍ਹ ਦੇ ਹਰਚਰਨ ਸਿੰਘ ਅਤੇ ਪਰਮਿੰਦਰ ਕੌਰ ਦੀ ਸਪੁੱਤਰੀ ਨੇ ਸਿਰਫ਼ ਦੇਸ਼ ਹੀ ਨਹੀਂ ਬਲਕਿ ਦੁਨੀਆਂ ਵਿਚ ਵੀ ਅਪਣੇ ਹੁਨਰ ਦਾ ਲੋਹਾ ਮਨਾਇਆ ਹੈ। ਉਹਨਾਂ ਨੂੰ ਕਰਤਾਰ ਸਿੰਘ ਨੇ ਢੋਲ ਵਜਾਉਣਾ ਸਿਖਾਇਆ। ਕਰਤਾਰ ਸਿੰਘ ਖੁਦ ਵੀ ਚਾਰ ਧੀਆਂ ਦੇ ਪਿਤਾ ਹਨ। ਗੀਤ ਦਾ ਕਹਿਣਾ ਹੈ ਕਿ ਜਦੋਂ ਉਹ ਯੁਵਕ ਮੇਲੇ ਵਿਚ ਪਹਿਲੀ ਵਾਰ ਸਟੇਜ ‘ਤੇ ਗਈ ਤਾਂ ਦਰਸ਼ਕਾਂ ਵਿਚੋਂ ਕਿਸੇ ਨੇ ਵੀ ਅਸਲ ਵਿਚ ਉਸ ਕੋਲੋਂ ਢੋਲ ਵਜਾਉਣ ਦੀ ਉਮੀਦ ਨਹੀਂ ਕੀਤੀ। ਪਰ ਜਦੋਂ ਲੋਕਾਂ ਨੇ ਉਹਨਾਂ ਨੂੰ ਢੋਲ ਵਜਾਉਂਦੇ ਦੇਖਿਆ ਤਾਂ ਉਹ ਹੈਰਾਨ ਸਨ।
Jahan Geet Singh
ਇਸ ਤੋਂ ਬਾਅਦ ਗੀਤ ਨੂੰ ਕਈ ਸਥਾਨਕ ਟੀਵੀ ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ‘ਤੇ ਬੁਲਾਇਆ ਜਾਣ ਲੱਗਿਆ। ਪਿਛਲੇ 7 ਸਾਲਾਂ ਵਿਚ ਗੀਤ ਨੇ 300 ਤੋਂ ਵੀ ਜ਼ਿਆਦਾ ਸਮਾਰੋਹ ਵਿਚ ਢੋਲ ਵਜਾਇਆ ਹੈ। ਉਹਨਾਂ ਬਾਰੇ ਸਭ ਤੋਂ ਪਹਿਲਾਂ ਸਾਲ 2011 ਵਿਚ ਬ੍ਰਿਟੇਨ ਦੀ ਇਕ ਮੈਗਜ਼ੀਨ ਨੇ ਲ਼ਿਖਿਆ ਸੀ। ਜਹਾਨ ਗੀਤ ਦਾ ਕਹਿਣਾ ਹੈ ਕਿ ਕੋਈ ਵੀ ਗਤੀਵਿਧੀ, ਸ਼ੌਂਕ ਜਾਂ ਪੇਸ਼ਾ ਸਿਰਫ਼ ਮਰਦਾਂ ਜਾਂ ਔਰਤਾਂ ਲਈ ਨਹੀਂ ਹੁੰਦਾ। ਉਹਨਾਂ ਕਿਹਾ ਕਿ ਅਪਣੇ ਬੱਚਿਆਂ ਨੂੰ ਸਿਖਾਉਣ ਦਾ ਪਹਿਲਾ ਕਦਮ ਇਹ ਹੈ ਕਿ ਅਸੀਂ ਉਹਨਾਂ ਨਾਲ ਇਕੋ ਜਿਹਾ ਸਲੂਕ ਕਰੀਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।