
11 ਮੈਂਬਰੀ ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼, ਪੰਜ ਗ੍ਰਿਫ਼ਤਾਰ
ਜਲੰਧਰ, 11 ਨਵੰਬਰ (ਲੱਖਵਿੰਦਰ ਸਿੰਘ ਲੱਕੀ): ਕਮਿਸ਼ਨਰੇਟ ਪੁਲਿਸ ਨੇ ਗੰਨ ਪੁਆਇੰਟ ਉਤੇ ਲੁੱਟਾਂ-ਖੋਹਾਂ ਅਤੇ ਚੋਰੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਸ਼ਰਾਬ ਦੇ ਠੇਕੇ ਭੰਨ ਕੇ ਸ਼ਰਾਬ ਚੋਰੀ ਕਰਨ ਵਾਲੇ 11 ਮੈਂਬਰੀ ਗਰੋਹ ਦਾ ਪਰਦਾਫ਼ਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਪਾਸੋਂ 3 ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ, ਲੁੱਟ-ਖੋਹ ਤੇ ਚੋਰੀ ਦਾ ਸਮਾਨ, ਸੋਨੇ ਦੇ ਗਹਿਣੇ, ਚਾਂਦੀ ਦੇ ਬਰਤਨ , ਦੁਪਹੀਆ ਵਾਹਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕਾਫ਼ੀ ਸਮੇਂ ਤੋਂ ਅਨਟਰੇਸ ਚੱਲੇ ਆ ਰਹੇ 14 ਕੇਸ ਟਰੇਸ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਸੀਆਈਏ ਸਟਾਫ-1 ਦੀ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਨਿਹਾਲ ਸਿੰਘ, ਰੋਹਿਤ ਕੁਮਾਰ, ਵਿਕੀ, ਜਗਪ੍ਰੀਤ, ਰੋਹਿਤ ਸ਼ਰਮਾ ਆਦਿ ਪਿਛਲੇ ਕਈ ਮਹੀਨਿਆਂ ਤੋਂ ਨਾਜਾਇਜ਼ ਹਥਿਆਰਾਂ ਨਾਲ ਲੈਂਸ ਹੋ ਕੇ ਲੁੱਟ ਖੋਹ, ਘਰਾਂ ਅਤੇ ਦੁਕਾਨਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਨ ਅਤੇ ਦੇਰ ਰਾਤ ਸਮੇਂ ਅੰਜਾਮ ਦਿੰਦੇ ਹਨ। ਇਸ ਉਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦਸਿਆ ਕਿ ਤਫ਼ਤੀਸ ਕਰਦਿਆਂ ਚਾਰ ਮੁਲਜ਼ਮਾਂ ਨਿਹਾਲ ਸਿੰਘ, ਰੋਹਿਤ, ਮਨਜਿੰਦਰ ਸਿੰਘ ਅਤੇ ਜਗਪ੍ਰੀਤ ਨੂੰ ਮੇਨ ਰੋਡ ਵਰਕਸਾਪ ਚੌਂਕ ਨੇੜੇ ਦਾਣਾ ਮੰਡੀ ਤੋਂ ਅਤੇ ਰੋਹਿਤ ਸ਼ਰਮਾ ਨੂੰ ਜੇਪੀ ਨਗਰ ਪਾਰਕ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮਾਂ ਪਾਸੋਂ ਇਕ ਪਿਸਤੌਲ 9 ਐਮਐਮ ਸਮੇਤ 3 ਜ਼ਿੰਦਾ ਕਾਰਤੂਸ, ਇਕ ਦੇਸੀ ਪਿਸਤੌਲ 315 ਬੋਰ ਸਮੇਤ 4 ਜ਼ਿੰਦਾ ਕਾਰਤੂਸ, ਇਕ ਦੇਸੀ ਪਿਸਤੌਲ 3*3 ਬੋਰ ਸਮੇਤ 3 ਜ਼ਿੰਦਾ ਕਾਰਤੂਸ, ਸੋਨੇ ਦੇ ਇਕ ਜੋੜੀ ਟੋਪਸ, ਸੋਨੇ ਦੀ ਕੰਨ ਦੀ ਵਾਲੀ, ਸੋਨੇ ਦੀ ਇਕ ਚੇਨ, ਚਾਂਦੀ ਦੀ ਇਕ ਕਟੋਰੀ, ਗਿਲਾਸ ਅਤੇ ਚਮਚ, 7 ਐਨਡਰਾਇਡ ਮੋਬਾਈਲ ਫ਼ੋਨ ਅਤੇ 4 ਕੀ ਪੈਡ ਵਾਲੇ ਫ਼ੋਨ, ਇਕ ਚੋਰੀ ਕੀਤਾ ਇਨਵਰਟਰ ਅਤੇ ਬੈਟਰਾ, 2 ਚੋਰੀ ਕੀਤੇ ਗੈਸ ਸਿਲੰਡਰ, 28 ਜੋੜੇ ਚੋਰੀ ਕੀਤੇ ਰੇਡੀਮੇਡ ਪੈਂਟਾ ਤੇ ਕਮੀਜ਼ਾਂ, ਚੋਰੀ ਅਤੇ ਖੋਹ ਕੀਤੇ ਕੁਲ 17,800/- ਰੁਪਏ ਨਕਦ, ਮੋਬਾਈਲ ਦੀ ਦੁਕਾਨ ਵਿਚੋਂ ਚੋਰੀ ਕੀਤੀ ਸਪਲੈਂਡਰ ਮੋਟਰਸਾਈਕਲ, 2 ਐਕਟੀਵਾ, ਦੋ ਪੇਟੀਆਂ ਚੋਰੀ ਕੀਤਾ ਤੇਲ, ਦੁਕਾਨਾਂ ਅਤੇ ਬੰਦ ਪਏ ਘਰਾਂ ਦੇ ਤਾਲੇ ਤੋੜਨ ਵਿਚ ਵਰਤਿਆ ਜਾਣ ਵਾਲਾ ਪਾਇਪ ਬੈਂਚ ਬਰਾਮਦ ਕੀਤੇ ਗਏ ਹਨ।