
ਦਿਵਾਲੀ ਤੋਂ ਬਾਅਦ ਕੈਪਟਨ ਨੇ ਸੱਦੀ ਮੰਤਰੀ ਮੰਡਲ ਦੀ ਮੀਟਿੰਗ
ਚੰਡੀਗੜ੍ਹ, 11 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਵਾਲੀ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ। ਭਾਵੇਂ ਇਸ ਮੀਟਿੰਗ ਦਾ ਏਜੰਡਾ ਹਾਲੇ ਜਾਰੀ ਨਹੀਂ ਕੀਤਾ ਗਿਆ ਪਰ ਇਸ ਸਬੰਧੀ ਜਾਰੀ ਸਰਕਾਰੀ ਪੱਤਰ ਅਨੁਸਾਰ ਇਹ ਮੀਟਿੰਗ 18 ਨਵੰਬਰ ਬਾਅਦ ਦੁਪਹਿਰ ਵੀਡੀਉ ਕਾਨਫ਼ਰੰਸ ਰਾਹੀਂ ਹੋਵੇਗੀ। ਮੁੱਖ ਮੰਤਰੀ ਅਪਣੀ ਰਿਹਾਇਸ਼ ਤੋਂ ਮੰਤਰੀਆਂ ਨਾਲ ਵੀਡੀਉ ਰਾਹੀਂ ਗੱਲਬਾਤ ਕਰਨਗੇ। ਮੰਤਰੀਆਂ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀਡੀਉਂ ਕਾਨਫ਼ਰੰਸ ਲਈ ਅਪਣੇ ਦਫ਼ਤਰਾਂ ਵਿਚ ਪ੍ਰਬੰਧ ਕਰਨ ਲਈ ਹਦਾਇਤ ਦਿਤੀ ਗਈ ਹੈ। ਭਾਵੇਂ ਮੀਟਿੰਗ ਦਾ ਏਜੰਡਾ ਹਾਲੇ ਬਾਅਦ ਵਿਚ ਜਾਰੀ ਹੋਣਾ ਹੈ ਪਰ ਪਤਾ ਲੱਗਾ ਹੈ ਕਿ ਇਸ ਵਿਚ ਮੁੱਖ ਤੌਰ 'ਤੇ ਕਿਸਾਨ ਅੰਦੋਲਨ ਨਾਲ ਜੁੜੇ ਮਾਮਲਿਆਂ 'ਤੇ ਵਿਚਾਰ ਕਰ ਕੇ ਕੋਈ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਨਾਲ ਜੁੜੇ ਜ਼ਰੂਰੀ ਵਿਤੀ ਮਾਮਲਿਆਂ ਬਾਰੇ ਵੀ ਵਿਚਾਰ ਵਟਾਂਦਰਾ ਕਰ ਕੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਕੁੱਝ ਫ਼ੈਸਲੇ ਲਏ ਜਾਣਗੇ।