
ਬਾਇਡਨ ਦੀ 'ਏਜੰਸੀ ਰੀਵੀਊ ਟੀਮ' 'ਚ 20 ਭਾਰਤੀ ਸ਼ਾਮਲ
ਵਾਸ਼ਿੰਗਟਨ, 11 ਨਵੰਬਰ : ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਜੋਅ ਬਾਇਡਨ ਨੇ 20 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਅਪਣੀ 'ਏਜੰਸੀ ਰੀਵੀਊ ਟੀਮ' (ਆਰਟ) ਵਿਚ ਸ਼ਾਮਲ ਕੀਤਾ ਹੈ। ਜਿਹਨਾਂ ਵਿਚੋਂ 3 ਟੀਮ ਦੀ ਅਗਵਾਈ ਕਰਨਗੇ। ਇਹ ਟੀਮ ਪ੍ਰਮੁੱਖ ਸੰਘੀ ਏਜੰਸੀਆਂ ਦੀ ਮੌਜੂਦਾ ਪ੍ਰਸ਼ਾਸਨ ਵਿਚ ਕਾਰਜ ਪ੍ਰਣਾਲੀ ਦੀ ਸਮੀਖਿਆ ਕਰੇਗੀ ਤਾਂ ਜੋ ਸੱਤਾ ਦਾ ਟਰਾਂਸਫ਼ਰ ਸੁਚਾਰੂ ਢੰਗ ਨਾਲ ਯਕੀਨੀ ਕੀਤਾ ਜਾ ਸਕੇ। ਬਾਇਡਨ ਦੀ ਟਰਾਂਸਫ਼ਰ ਟੀਮ ਨੇ ਕਿਹਾ ਕਿ ਹੁਣ ਤਕ ਦੇ ਰਾਸ਼ਟਰਪਤੀ ਟਰਾਂਸਫ਼ਰ ਟੀਮ ਦੇ ਇਤਿਹਾਸ ਵਿਚ ਇਹ ਟੀਮ ਸਭ ਤੋਂ ਵੱਧ ਵਿਭਿੰਨਤਾ ਭਰਪੂਰ ਹੈ।
ਅਮਰੀਕਾ ਵਿਚ ਸੱਤਾ ਟਰਾਂਸਫ਼ਰ ਲਈ ਬਣਾਈ ਗਈ ਆਰਟ ਟੀਮ ਵਿਚ ਸੈਂਕੜੇ ਮੈਂਬਰ ਹਨ, ਜਿਹਨਾਂ ਵਿਚੋਂ ਅੱਧੀ ਤੋਂ ਜ਼ਿਆਦਾ ਔਰਤਾਂ ਹਨ, 40 ਫ਼ੀ ਸਦੀ ਉਹਨਾਂ ਭਾਈਚਾਰਿਆਂ ਤੋਂ ਹਨ ਜਿਹਨਾ ਦੀ ਸੰਘੀ ਸਰਕਾਰ ਵਿਚ ਇਤਿਹਾਸਿਕ ਰੂਪ ਨਾਲ ਘੱਟ ਨੁਮਾਇੰਦਗੀ ਰਹੀ ਹੈ। ਇਹਨਾਂ ਵਿਚ ਕਾਲੇ, ਐੱਲ.ਜੀ.ਬੀ.ਟੀ. ਅਤੇ ਅਪਾਹਜ਼ ਸ਼ਾਮਲ ਹਨ। ਟੀਮ ਮੁਤਾਬਕ ਸਟੈਨਫ਼ੋਰਡ ਯੂਨੀਵਰਸਿਟੀ ਦੇ ਅਰੂਣ ਮਜੂਮਦਾਰ ਊਰਜਾ ਵਿਭਾਗ ਵਿਚ ਸੱਤਾ ਟਰਾਂਸਫ਼ਰ ਲਈ ਬਣਾਈ ਗਈ ਆਰਟ ਦੀ ਅਗਵਾਈ ਕਰਨਗੇ। ਉੱਥੇ ਰਾਹੁਲ ਗੁਪਤਾ ਰਾਸ਼ਟਰੀ ਡਰੱਗ ਕੰਟਰੋਲ ਨੀਤੀ ਦੇ ਮਾਮਲੇ ਵਿਚ ਅਗਵਾਈ ਕਰਨਗੇ। ਕਿਰਨ ਆਹੂਜਾ ਨੂੰ ਕਰਮਚਾਰੀਆਂ ਦੇ ਪ੍ਰਬੰਧਨ ਲਈ ਬਣੀ ਟੀਮ ਦੀ ਕਮਾਂਡ ਸੌਂਪੀ ਗਈ ਹੈ। ਪੁਨੀਤ ਤਲਵਾਰ ਨੂੰ ਵਿਦੇਸ਼ ਵਿਭਾਗ ਨਾਲ ਜੁੜੀ ਟੀਮ ਵਿਚਜਗ੍ਹਾ ਦਿਤੀ ਗਈ ਹੈ। ਪਾਵ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਪਰੀਸ਼ਦ ਅਤੇ ਵਿਗਿਆਨ ਅਤੇ ਤਕਨਾਲੋਜੀ ਦੀ ਟੀਮ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਅਰੂਣ ਵੇਂਕਟਰਮਨ ਨੂੰ ਵਣਜ ਅਤੇ ਯੂ.ਐੱਸ.ਟੀ.ਆਰ. ਮਾਮਲਿਆਂ ਦੀਆਂ ਦੋ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਹੋਰ ਪ੍ਰਮੁੱਖ ਭਾਰਤੀਆਂ ਜਿਹਨਾਂ ਨੂੰ ਬਾਇਡਨ ਦੀ ਆਰਟ ਵਿਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿਚ ਪ੍ਰਵੀਨ ਰਾਧਵਨ ਅਤੇ ਆਤਮਨ ਤ੍ਰਿਵੇਦੀ ਵਣਜ ਵਿਭਾਗ ਮਾਮਲੇ ਦੀ ਟੀਮ ਵਿਚ, ਸਿਖਿਆ ਵਿਭਾਗ ਵਿਚ ਸ਼ੀਤਲ ਸ਼ਾਹ, ਊਰਜਾ ਵਿਭਾਗ ਵਿਚ ਆਰ. ਰਮੇਸ਼ ਅਤੇ ਰਾਮਾ ਜ਼ਾਕਿਰ, ਅੰਦਰੂਨੀ ਸੁਰੱਖਿਆ ਵਿਭਾਗ ਸਬੰਧੀ ਟੀਮ ਵਿਚ ਸ਼ੁੱਭਸ਼੍ਰੀ ਰਾਮਨਾਥਨ, ਨਿਆਂ ਵਿਭਾਗ ਦੇ ਲਈ ਰਾਜ ਡੇ, ਕਿਰਤ ਵਿਭਾਗ ਦੇ ਲਈ ਸੀਮਾ ਨੰਦਾ ਅਤੇ ਰਾਜਨਾਇਕ, ਫੈਡਰਲ ਰਿਜ਼ਰਵ ਅਤੇ ਬੈਂਕਿੰਗ ਤੇ ਪ੍ਰਤੀਭੂਤੀਆਂ ਮਾਮਲਿਆਂ ਦੇ ਲਈ ਰੀਨਾ ਅਗਰਵਾਲ ਅਤੇ ਸਤਿਅਮ ਖੰਨਾ, ਨਾਸਾ ਦੇ ਲਈ ਭਵਯਾ ਲਾਲ, ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਲਈ ਦਿਲਪ੍ਰੀਤ ਸਿੱਧੂ, ਪ੍ਰਬੰਧਨ ਅਤੇ ਬਜਟ ਦਫਤਰ ਦੇ ਲਈ ਦਿਵਯ ਕੁਮਾਰਿਯਾਹ, ਖੇਤੀ ਵਿਭਾਗ ਦੇ ਲਈ ਕੁਮਾਰ ਚੰਦਰਨ ਅਤੇ ਪੋਸਟਲ ਸੇਵਾ ਦੇ ਲਈ ਅਨੀਸ਼ ਚੋਪੜਾ ਹਨ।
(ਪੀਟੀਆਈ)image