
ਧਰਨੇ 'ਚ ਬਜ਼ੁਰਗ ਔਰਤ ਦੀ ਮੌਤ ਦਾ ਮਾਮਲਾ: ਮੁਆਵਜ਼ਾ ਨਾ ਦੇਣ ਤੋਂ ਭੜਕੇ ਕਿਸਾਨ
ਮਾਨਸਾ, 11 ਨਵੰਬਰ (ਸਿੱਧੂ): ਖੇਤੀ ਕਾਨੂੰਨਾਂ ਵਿਰੁਧ ਰੇਲ ਪਟੜੀਆਂ 'ਤੇ ਲੱਗੇ ਧਰਨੇ ਦੌਰਾਨ ਹੋਈ ਮਾਤਾ ਤੇਜ ਕੌਰ ਦੀ ਮੌਤ ਸਬੰਧੀ ਸਮਝੌਤੇ ਮੁਤਾਬਕ ਮੁਆਵਜ਼ੇ ਦਾ ਬਾਕੀ ਹਿੱਸਾ ਨਾ ਦਿਤੇ ਜਾਣ ਤੋਂ ਭੜਕੇ ਕਿਸਾਨਾਂ ਨੇ ਅੱਜ ਮਾਨਸਾ ਪੁਲਿਸ ਨਾਲ ਹੱਥੋਪਾਈ ਕੀਤੀ। ਮਾਨਸਾ ਪ੍ਰਸ਼ਾਸਨ ਵਲੋਂ ਮੰਗਲਵਾਰ ਨੂੰ ਬਾਕੀ ਰਹਿੰਦਾ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿਤਾ ਜਾਣਾ ਸੀ ਪਰ ਅਫ਼ਸਰਾਂ ਨੇ ਪਾਸਾ ਵੱਟ ਲਿਆ ਤਾਂ ਕਿਸਾਨ ਰੋਹ 'ਚ ਆ ਗਏ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੇ ਵੱਡੇ ਇਕੱਠ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ਦਾ ਐਲਾਨ ਕਰ ਦਿਤਾ ਜਿਸ ਨੂੰ ਦੇਖਦਿਆਂ ਚਾਰ ਚੁਫ਼ੇਰੇ ਪੁਲਿਸ ਦੀ ਵੱਡੀ ਨਫ਼ਰੀ ਤਾਇਨਾਤ ਕਰ ਦਿਤੀ ਗਈ।
ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ, ਭਾਨ ਸਿੰਘ ਬਰਨਾਲਾ ਅਤੇ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕਰਦੇ ਆ ਰਹੇ ਕਿਸਾਨਾਂ ਨੂੰ ਪੁਲਿਸ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ 'ਤੇ ਰੋਕ ਲਿਆ। ਇਸ ਮੌਕੇ ਕਿਸਾਨਾਂ ਵਲੋਂ ਅੱਗੇ ਵਧਣ ਦੀ ਕੋਸ਼ਿਸ਼ ਦੌਰਾਨ ਦੋਹਾਂ ਧਿਰਾਂ 'ਚ ਧੱਕਾ ਮੁੱਕੀ ਵੀ ਹੋਈ।
ਕਾਫੀ ਜ਼ੋਰ ਅਜਮਾਈ ਤੋਂ ਬਾਅਦ ਕਿਸਾਨੀ ਰੋਹ ਅੱਗੇ ਬੇਵੱਸ ਹੋਈ ਨਫ਼ਰੀ ਨੂੰ ਪਾਸੇ ਧੱਕ ਕੇ ਕਿਸਾਨਾਂ ਨੇ ਡੀਸੀ ਦਫਤਰ ਵਲ ਚਾਲੇ ਪਾ ਦਿਤੇ। ਇਸ ਮੌਕੇ ਹੱਥਾਂ 'ਚ ਝੰਡੇ ਫੜੀ ਕਿਸਾਨਾਂ ਨੇ ਪੁਲਿਸ ਦੀ ਮੋਰਚਾਬੰਦੀ ਫ਼ੇਲ ਕਰਕੇ ਮੁਲਾਜ਼ਮਾਂ ਨੂੰ ਲੰਮਾਂ ਸਮਾਂ ਮੂਹਰੇ ਲਾਈ ਰਖਿਆ। ਸਾਹੋ ਸਾਹੀ ਹੋਏ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪਹਿਲਾਂ ਬੈਰੀਕੇਡ ਲਾ ਕੇ ਰੋਕ ਲਿਆ।
ਵੱਡੀ ਗੱਲ ਹੈ ਕਿ ਮਾਨਸਾ ਪੁਲਿਸ ਅੱਜ ਭਾਵੇਂ ਇਹ ਮੋਰਚਾ ਅਸਫ਼ਲ ਬਣਾਉਣ ਵਿਚ ਤਾਂ ਸਫ਼ਲ ਰਹੀ, ਪਰ ਕਿਸਾਨਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਜੂਹਾਂ ਤੱਕ ਸੀਮਿਤ ਰੱਖਣ ਦੀ ਇਸ ਦੀ ਨੀਤੀ ਪੂਰੀ ਤਰ੍ਹਾਂ ਫ਼ੇਲ ਰਹੀ।
ਕਿਸਾਨ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੈ ਜਿਸ ਕਰਕੇ ਅੱਜ ਸੰਕੇਤਕ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਉਨ੍ਹਾਂ ਦਸਿਆ ਕਿ ਉਹ ਤਾਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਰੌਂਅ 'ਚ ਸਨ ਪਰ ਅਧਿਕਾਰੀਆਂ ਦੀਆਂ ਬੇਤੁਕੀਆਂ ਦਲੀਲਾਂ ਨੇ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕੀਤਾ ਹੈ।
ਫ਼ੋਟੋ : ਮਾਨਸਾ--ਕਿਸਾਨ