
ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦਾ ਦਿਹਾਂਤ
ਲੁਧਿਆਣਾ, 11 ਨਵੰਬਰ (ਰਾਮਜੀ ਦਾਸ ਚੌਹਾਨ): ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਜੀ ਦਾ ਦੇਰ ਰਾਤ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਾਬ ਸ਼ੌਕਤ ਅਲੀ ਮਤੋਈ ਦੇ ਛੋਟੇ ਭਰਾ ਪ੍ਰਸਿੱਧ ਸੂਫ਼ੀ ਗਾਇਕ ਸਰਦਾਰ ਅਲੀ ਮਤੋਈ ਨੇ ਦਸਿਆ ਕਿ ਉਨ੍ਹਾਂ ਦੇ ਭਰਾ ਉਸਤਾਦ ਸ਼ੌਕਤ ਅਲੀ ਮਤੋਈ 10 ਨਵੰਬਰ ਨੂੰ ਦੇਰ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਗਾਇਕ ਸ਼ੌਕਤ ਅਲੀ ਮਤੋਈ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੀਤ, ਕਵਾਲੀ ਅਤੇ ਸੂਫ਼ੀ ਗੀਤ ਗਾਉਂਦੇ ਆ ਰਹੇ ਸਨ। ਸ਼ੌਕਤ ਅਲੀ ਮਤੋਈ ਨੇ ਕਈ ਪੰਜਾਬੀ ਫਿਲਮਾਂ ਲਈ ਪਲੈਅਬੈਕ ਗੀਤ ਵੀ ਗਾਏ। ਉਨ੍ਹਾਂ ਦਾ ਪੰਜਾਬੀ ਫ਼ਿਲਮ 'ਸ਼ਰੀਕ' ਲਈ ਗਾਇਆ ਗੀਤ 'ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ' ਬੇਹੱਦ ਮਕਬੂਲ ਹੋਇਆ ਸੀ। ਸ਼ੌਕਤ ਅਲੀ ਮਤੋਈ ਵਲੋਂ ਗਾਏ ਕਈ ਸੂਫ਼ੀ ਗੀਤ ਵੀ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤੇ ਗਏ। ਸ਼ੌਕਤ ਅਲੀ ਮਤੋਈ ਨੂੰ ਬੀਤੇ ਦਿਨ ਹਾਰਟ ਅਤੇ ਕਿਡਨੀ ਦੀ ਤਕਲੀਫ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਹ ਜ਼ੇਰੇ ਇਲਾਜ ਸਨ।