
ਬਹਿਰੀਨ ਦੇ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਪ੍ਰਿੰਸ ਖ਼ਲੀਫ਼ਾ ਦਾ ਦੇਹਾਂਤ
ਬਹਿਰੀਨ, 11 ਨਵੰਬਰ : ਬਹਿਰੀਨ ਦੇ ਪ੍ਰਧਾਨ ਮੰਤਰੀ ਪ੍ਰਿੰਸ ਖ਼ਲੀਫ਼ਾ ਬਿਨ ਸਲਮਾਨ ਅਲ ਖ਼ਲੀਫ਼ਾ ਦਾ ਬੁਧਵਾਰ ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਸ਼ਾਹੀ ਮਹਿਲ ਵਲੋਂ ਦਿਤੀ ਗਈ ਹੈ। ਉਹ 84 ਸਾਲ ਦੇ ਸਨ। ਰਾਇਲ ਕੋਰਟ ਆਫ਼ ਬਹਿਰੀਨ ਨੇ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਐਲਾਨ ਕੀਤਾ। ਖ਼ਲੀਫ਼ਾ, ਵਿਸ਼ਵ 'ਚ ਸੱਭ ਤੋਂ ਵੱਧ ਸਮੇਂ ਤਕ ਸੇਵਾ ਦੇਣ ਵਾਲੇ ਪ੍ਰਧਾਨ ਮੰਤਰੀਆਂ ਵਿਚੋਂ ਇਕ ਸਨ ਜਿਨ੍ਹਾਂ ਨੇ ਅਪਣੇ ਰਾਸ਼ਟਰ ਦੀ ਸਰਕਾਰ ਦੀ ਕਈ ਦਹਾਕਿਆਂ ਤਕ ਅਗਵਾਈ ਕੀਤੀ। ਬਹਿਰੀਨ ਦੀ ਸਥਾਨਕ ਨਿਊਜ਼ ਏਜੰਸੀ ਅਨੁਸਾਰ, 'ਅਮਰੀਕਾ 'ਚ ਮਾਇਓ ਕਲੀਨਿਕਲ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਜਿਥੇ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪ੍ਰਿੰਸ ਖ਼ਲੀਫ਼ਾ ਦੀ ਮ੍ਰਿਤਕ ਦੇਹ ਸਵਦੇਸ਼ ਵਾਪਸ ਲਿਆਂਦਾ ਜਾਵੇਗਾ ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਹਾਲਾਂਕਿ ਮਹਾਮਾਰੀ ਕੋਵਿਡ-19 ਦੇ ਮੱਦੇਨਜ਼ਰ ਸਿਰਫ਼ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਜਾਵੇਗੀ। 24 ਨਵੰਬਰ 1935 ਨੂੰ ਜਨਮੇ ਸ਼ੇਖ ਖ਼ਲੀਫ਼ਾ ਬਹਿਰੀਨ ਦੇ ਸ਼ਾਹੀ ਪਰਵਾਰ ਤੋਂ ਸਨ। (ਪੀਟੀਆਈ)