
ਪੰਜਾਬ ਨੇ ਸਹਿਕਾਰੀ ਸੰਸਥਾਵਾਂ ਨੂੰ ਹੱਲਾਸ਼ੇਰੀ ਦੇਣ ਲਈ ਨਾਬਾਰਡ ਕੋਲੋਂ 1000 ਕਰੋੜ ਦੀ ਸਹਾਇਤਾ ਮੰਗੀ
ਮੁੰਬਈ/ਚੰਡੀਗੜ੍ਹ, 11 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੋਵਿਡ ਮਹਾਂਮਾਰੀ ਦੇ ਚਲਦਿਆਂ ਵਿੱਤੀ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੀਆਂ ਸਹਿਕਾਰੀ ਸੰਸਥਾਵਾਂ ਨੂੰ ਹੁਲਾਰਾ ਦੇਣ ਅਤੇ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਪੰਜਾਬ ਸਰਕਾਰ ਨੇ ਨਾਬਾਰਡ ਕੋਲੋਂ 1000 ਕਰੋੜ ਰੁਪਏ ਦੀ ਸਹਾਇਤਾ ਮੰਗੀ ਹੈ। ਅੱਜ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਗੋਵਿੰਦਾ ਰਾਜੂਲਾ ਚਿੰਤਾਲਾ ਨਾਲ ਮੁਲਾਕਾਤ ਕਰਨ ਉਪਰੰਤ ਮੀਟਿੰਗ ਦੇ ਵੇਰਵੇ ਦਿੰਦਿਆਂ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਨਾਬਾਰਡ ਕੋਲੋਂ ਸਪੈਸ਼ਲ ਲਿਕੁਈਡਿਟੀ ਸੁਵਿਧਾ (ਐਸ.ਐਲ.ਐਫ.) ਤੇ ਲੰਬੇ ਸਮੇਂ ਦੇ ਪੇਂਡੂ ਕਰਜ਼ਾ ਫ਼ੰਡ (ਐਲ.ਟੀ.ਆਰ.ਸੀ.ਐਫ.) ਅਧੀਨ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਦੀ ਸਹਾਇਤਾ ਲਈ ਮੰਗ ਕੀਤੀ ਗਈ।
ਸਹਿਕਾਰਤਾ ਮੰਤਰੀ ਨੇ ਦਸਿਆ ਕਿ ਉਨ੍ਹਾਂ ਨਾਬਾਰਡ ਦੇ ਚੇਅਰਮੈਨ ਨੂੰ ਮੁਢਲੀਆਂ ਖੇਤੀਬਾੜੀ ਵਿਕਾਸ ਬੈਂਕਾਂ ਨੂੰ ਦਰਪੇਸ਼ ਵਿੱਤੀ ਔਕੜਾਂ ਤੋਂ ਜਾਣੂੰ ਕਰਵਾਇਆ। ਪੰਜਾਬ ਦੇ ਵਫ਼ਦ ਵਲੋਂ ਦਿਖਾਈ ਪੇਸ਼ਕਾਰੀ ਰਾਹੀਂ ਖੇਤੀਬਾੜੀ ਵਿਕਾਸ ਬੈਂਕ ਨੂੰ ਐਸ.ਐਲ.ਐਫ਼. ਤਹਿਤ ਪੂਰੀ ਮਦਦ ਅਤੇ ਐਲ.ਟੀ.ਆਰ.ਸੀ.ਐਫ. ਤਹਿਤ 100 ਫ਼ੀ ਸਦੀ ਰੀਫ਼ਾਇਨਾਂਸ ਕਰਨ ਦੀ ਮੰਗ ਦਾ ਕੇਸ ਰਖਿਆ ਗਿਆ।
ਨਾਬਾਰਡ ਦੇ ਚੇਅਰਮੈਨ ਨੇ ਸਹਿਕਾਰਤਾ ਮੰਤਰੀ ਵਲੋਂ ਕੀਤੀ ਵਿਸਥਾਰਤ
ਵਿਚਾਰ ਚਰਚਾ ਤੋਂ ਬਾਅਦ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਨੂੰ ਐਸ.ਐਲ.ਐਫ਼. ਤਹਿਤ ਵੱਧ ਤੋਂ ਵੱਧ ਮਦਦ ਕਰਨ ਅਤੇ ਐਲ.ਟੀ.ਆਰ.ਸੀ.ਐਫ਼. ਤਹਿਤ 100 ਫ਼ੀ ਸਦੀ ਰੀਫ਼ਾਇਨਾਂਸ ਕਰਨ ਦਾ ਭਰੋਸਾ ਦਿਵਾਇਆ ਗਿਆ। ਉਨ੍ਹਾਂ ਮੁਢਲੀ ਖੇਤੀਬਾੜੀ ਵਿਕਾਸ ਬੈਂਕ ਨੂੰ ਵੀ ਵਿੱਤੀ ਔਕੜਾਂ ਵਿਚੋਂ ਕੱਢਣ ਲਈ ਪੰਜਾਬ ਦੀ ਤਜਵੀਜ਼ ਉਤੇ ਸਕਰਾਤਮਕ ਤਰੀਕੇ ਨਾਲ ਵਿਚਾਰਨ ਦਾ ਵਿਸ਼ਵਾਸ ਦਿਵਾਇਆ। ਰੰਧਾਵਾ ਨੇ ਸਹਿਕਾਰੀ ਖੰਡ ਮਿੱਲ ਬਟਾਲਾ ਤੇ ਗੁਰਦਾਸਪੁਰ ਨੂੰ ਕਰਜ਼ਾ ਦੇਣ ਦਾ ਮਾਮਲਾ ਵੀ ਉਠਾਇਆ ਜਿਸ ਉਤੇ ਨਾਬਾਰਡ ਦੇ ਚੇਅਰਮੈਨ ਚਿੰਤਾਲਾ ਨੇ ਸਹਿਕਾਰਤਾ ਮੰਤਰੀ ਨੂੰ ਇਸ ਸਬੰਧੀ ਵਿਸਥਾਰਤ ਪ੍ਰਸਤਾਵ ਬਣਾ ਕੇ ਭੇਜਣ ਨੂੰ ਕਿਹਾ।
3ooperation metting
ਫੋਟੋ ਕੈਪਸ਼ਨ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੁੱਧਵਾਰ ਨੂੰ ਮੁੰਬਈ ਵਿਖੇ ਨਾਬਾਰਡ ਦੇ ਚੇਅਰਮੈਨ ਗੋਵਿੰਦਾ ਰਾਜੂਲਾ ਚਿੰਤਾਲਾ ਨਾਲ ਮੀਟਿੰਗ ਕਰਦੇ ਹੋਏ