
ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ 'ਚ ਨਾਕਾ ਲਗਾਇਆ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਨਾਕਾ ਲਗਾ ਕੇ ਪਿਓ-ਪੁੱਤ ਨੂੰ 28 ਕਰੋੜ ਦੀ ਹੈਰੋਇਨ ਤੇ ਕਰੀਬ 4.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਿਸ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਖੇਪ ਅੰਮ੍ਰਿਤਸਰ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਜ਼ਬਤ ਕੀਤੀ ਹੈ। ਦੋਵੇਂ ਦੋਸ਼ੀ ਪਿਓ-ਪੁੱਤ ਹੈਰੋਇਨ ਦੀ ਖੇਪ ਕਿਸੇ ਹੋਰ ਤਸਕਰ ਨੂੰ ਦੇਣ ਜਾ ਰਹੇ ਸਨ ਪਰ ਪੁਲਿਸ ਨੂੰ ਸੂਚਨਾ ਮਿਲ ਗਈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਲਾਕੇ 'ਚ ਨਾਕਾ ਲਗਾਇਆ। ਜਿਵੇਂ ਹੀ ਚਿੱਟੇ ਰੰਗ ਦੀ ਵਰਨਾ ਨਾਕੇ ’ਤੇ ਪੁੱਜੀ ਤਾਂ ਉਸ ਨੂੰ ਰੋਕ ਲਿਆ ਗਿਆ।
ਪੁਲਿਸ ਨੇ ਜਦੋਂ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਰੱਖੀ 4 ਕਿਲੋ ਹੈਰੋਇਨ ਤੇ ਉਸ ਵਿੱਚੋਂ 4.50 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਏ। ਮੁਲਜ਼ਮਾਂ ਨੇ ਦੱਸਿਆ ਕਿ 4.50 ਲੱਖ ਰੁਪਏ ਉਨ੍ਹਾਂ ਨੇ ਨਸ਼ਾ ਵੇਚ ਕੇ ਇਕੱਠੇ ਕੀਤੇ ਸਨ।