
4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਦੀ ਗ੍ਰਿਫ਼ਤਾਰੀ ਬਾਕੀ
ਲੁਧਿਆਣਾ: ਬੀਤੇ ਦਿਨ ਲੁਧਿਆਣਾ ਦੇ ਮੁੰਡੀਆਂ ਕਲਾਂ ਇਲਾਕੇ ਵਿੱਚ ਹੋਈ ਫਾਇਰਿੰਗ ਦੀ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਸ਼ਿਕਾਇਤ ਕਰਤਾ ਅਜੇ ਕੁਮਾਰ (42) ਦੇ ਬਿਆਨ ’ਤੇ ਉਸ ਦੀ ਪਤਨੀ ਬਲਵਿੰਦਰ ਉਰਫ਼ ਪੂਜਾ ਨਿਵਾਸੀ ਨਕੋਦਰ, ਰਵੀਨ ਮਹਿਮੀ ਤੇ ਨਵੀਨ ਮਹਿਮੀ ਪੁੱਤਰ ਗੁਰਮੁਖ ਲਾਲ ਨਿਵਾਸੀ ਹਰਿਰਾਏ ਨਗਰ, ਲੁਧਿਆਣਾ ਅਤੇ 3 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਸ਼ਿਕਾਇਤਕਰਤਾ ਦਾ ਆਪਣੀ ਪਤਨੀ ਨਾਲ ਆਪਸੀ ਝਗੜਾ ਚੱਲ ਰਿਹਾ ਸੀ ਇਸ ਲਈ ਉਸ ਨੇ ਆਪਣੀ ਪਤਨੀ ਤੇ ਇਕ ਰਿਸ਼ਤੇਦਾਰ ਨੂੰ ਫਸਾਉਣ ਲਈ ਆਪਣੇ ਆਪ 'ਤੇ ਹਮਲਾ ਕਰਵਾਇਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 10 ਤਰੀਕ ਨੂੰ ਗੁਰੂ ਤੇਗ ਬਹਾਦੁਰ ਨਗਰ ਦੇ ਪਿੰਡ ਮੁੰਡੀਆਂ ਕਲਾਂ ਵਿਖੇ ਹੋਈ ਗੋਲੀਬਾਰੀ ਦੀ ਘਟਨਾ 'ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਕਿਹਾ ਕਿ ਇਨ੍ਹਾਂ 'ਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਕ ਦੀ ਗ੍ਰਿਫ਼ਤਾਰੀ ਬਾਕੀ ਹੈ।
ਉਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਸਾਜ਼ਿਸ਼ਕਰਤਾ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ ਹੈ, ਦੱਸਿਆ ਕਿ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਤੋਂ ਪਰੇਸ਼ਾਨ ਹੋ ਕੇ ਇਸ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੁਕਾਨ 'ਤੇ ਫਾਇਰਿੰਗ ਕਰਵਾ ਦਿੱਤੀ ਅਤੇ ਪੁਲਿਸ ਨੂੰ ਕਿਹਾ ਕਿ ਕੁਝ ਨੌਜਵਾਨਾਂ ਨੇ ਮੇਰੇ ਉਪਰ ਹਮਲਾ ਕਰ ਦਿੱਤਾ ਹੈ ਅਤੇ ਫਾਇਰਿੰਗ ਕੀਤੀ ਹੈ। ਜਿਸ ਨੂੰ ਗੰਭੀਰਤਾ ਨਾਲ ਦੇਖਣ 'ਤੇ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਸਾਜ਼ਿਸ਼ਕਰਤਾ ਨੇ ਹੀ ਅੰਜਾਮ ਦਿੱਤਾ ਹੈ। ਦੱਸਿਆ ਕਿ ਇਨ੍ਹਾਂ ਪਾਸੋਂ ਇਕ ਨਜਾਇਜ਼ ਅਸਲਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਖੁਲਾਸੇ ਕੀਤੇ ਜਾਣਗੇ |