Amritsar News : ਕਿਹਾ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ’ਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਸਾਨੀ ਹੱਕਾਂ ਪ੍ਰਤੀ ਸਰਕਾਰਾਂ ਦੀ ਬੇਰੁਖੀ ਅਤੇ ਅੜੀਅਲ ਰਵੱਈਏ ਖ਼ਿਲਾਫ਼ ਮਰਨ ਵਰਤ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹੋ ਰਹੀ ਸਿਹਤ ਸਥਿਤੀ ਨੂੰ ਬੇਹੱਦ ਚਿੰਤਾਜਨਕ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ਵਿਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ ਕਿ ਕਿਸੇ ਲੋਕਤੰਤਰ ਵਿਚ ਅੰਨਦਾਤਾ ਨੂੰ ਆਪਣੇ ਹੱਕ ਲੈਣ ਲਈ ਅੰਨ ਛੱਡਣ ਲਈ ਮਜ਼ਬੂਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਾਲ 2020 ਵਿਚ ਕਿਸਾਨੀ ਮਾਰੂ ਤਿੰਨ ਖੇਤੀ ਬਿਲ ਰੱਦ ਕਰਵਾਉਣ ਲਈ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਸਮਾਪਤ ਕਰਵਾਉਣ ਵੇਲੇ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇਣ ਦੇ ਵਾਅਦੇ ਕੀਤੇ ਸਨ ਪਰ ਅਫਸੋਸ ਹੈ ਕਿ ਚਾਰ ਸਾਲ ਬੀਤ ਜਾਣ ‘ਤੇ ਵੀ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ, ਬਲਕਿ ਬੜੀ ਢੀਠਤਾ ਦੇ ਨਾਲ ਦੇਸ਼ ਦੇ ਅੰਨਦਾਤਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਰੀਆਂ ਫ਼ਸਲਾਂ ਉੱਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਬਾਕੀ ਕਿਸਾਨੀ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਆਖਿਆ ਕਿ ਪੰਜਾਬ ਦੀਆਂ ਰਾਜਨੀਤਕ ਧਿਰਾਂ ਨੂੰ ਡੱਟ ਕੇ ਕਿਸਾਨਾਂ ਦੀ ਪਿੱਠ ‘ਤੇ ਖੜ੍ਹੇ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨੀ ਪੰਜਾਬ ਦੀ ਰੀੜ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਸ. ਜਗਜੀਤ ਸਿੰਘ ਡੱਲੇਵਾਲ ਨੂੰ ਵੀ ਚਾਹੀਦਾ ਹੈ ਕਿ ਉਹ ਮਰਨ ਵਰਤ ਜਾਂ ਭੁੱਖ ਹੜਤਾਲ ਵਾਲੇ ਰਾਹ ਤੋਂ ਇਲਾਵਾ ਸੰਘਰਸ਼ ਦੇ ਹੋਰ ਰਾਹ ਅਖਤਿਆਰ ਕਰਨ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਰਕਾਰਾਂ ਨੂੰ ਕਿਹਾ ਕਿ ਉਹ ਤੁਰੰਤ ਕਿਸਾਨੀ ਹੱਕ ਦੇਣ ਲਈ ਅਮਲੀ ਕਾਰਵਾਈ ਕਰਨ।
(For more news apart from Jathedar Giani Raghbir Singh worried about health Dallewal, who is on death fast against indifference governments News in Punjabi, stay tuned to Rozana Spokesman)