
ਕੌਮੀ ਇਨਸਾਫ਼ ਮੋਰਚੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ ਪ੍ਰਕਾਸ਼
ਲੱਖਾ ਸਿਧਾਣਾ ਨੇ ਸਮੂਹ ਪੰਜਾਬੀਆਂ ਨੂੰ ਸ਼ਮੂਲੀਅਤ ਦੀ ਕੀਤੀ ਅਪੀਲ
ਚੰਡੀਗੜ੍ਹ, 12 ਜਨਵਰੀ (ਬਠਲਾਣਾ): ਮੋਹਾਲੀ-ਚੰਡੀਗੜ੍ਹ ਹੱਦ 'ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਦੇ 6ਵੇਂ ਦਿਨ ਧੁੱਪ ਨਿਕਲਣ ਕਾਰਨ ਸੰਗਤਾਂ ਵੱਡੀ ਗਿਣਤੀ ਵਿਚ ਪੁੱਜ ਰਹੀਆਂ ਹਨ ਅਤੇ ਅੱਜ ਦਾ ਦਿਨ ਇਸ ਕਰ ਕੇ ਵੀ ਵਿਸ਼ੇਸ਼ ਕਿਹਾ ਜਾ ਸਕਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ |
ਸਪੋਕਸਮੈਨ ਦੇ ਇਸ ਪ੍ਰਤੀਨਿਧ ਨੇ ਮੋਰਚੇ ਵਿਚ ਸ਼ਾਮਲ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਇਸ ਮੋਰਚੇ ਨੂੰ ਇਕੱਲੇ ਸਿੱਖਾਂ ਦਾ ਮੋਰਚਾ ਨਾ ਮੰਨ ਕੇ ਸਮੂਹ ਪੰਜਾਬੀਆਂ ਦਾ ਮੋਰਚਾ ਮੰਨਣਾ ਪਵੇਗਾ | ਲੱਖਾ ਸਿਧਾਣਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਦੋਂ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਪੁੱਜ ਸਕਦੇ ਹਨ ਤਾਂ ਇਥੇ ਕਿਉਂ ਨਹੀਂ? ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਉਹ ਮਾਘੀ ਮੇਲੇ ਤੇ ਵੱਡੀ ਕਾਨਫ਼ਰੰਸ ਕਰ ਕੇ ਇਸ ਮੋਰਚੇ ਲਈ ਸੰਗਤਾਂ ਨੂੰ ਸੱਦਾ ਦੇਣਗੇ | ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਮਨਜੀਤ ਸਿੰਘ ਭੋਮਾ ਨੇ ਦਸਿਆ ਕਿ ਕਮੇਟੀ ਵਲੋਂ ਇਸ ਮੋਰਚੇ ਲਈ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ ਅਤੇ ਸਮੂਹ ਪੰਜਾਬੀਆਂ ਨੂੰ ਇਸ ਇਨਸਾਫ਼ ਦੀ ਲੜਾਈ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਹੈ | ਹਰ ਮੋਰਚੇ ਵਿਚ ਹਾਜ਼ਰ ਰਹਿਣ ਵਾਲੇ ਬਾਬਾ ਲਾਭ ਸਿੰਘ ਵੀ ਇਸ ਮੋਰਚੇ ਵਿਚ ਪਹਿਲੇ ਦਿਨ ਤੋਂ ਡਟੇ ਹੋਏ ਹਨ | ਉਨ੍ਹਾਂ ਨੇ ਜਿਥੇ ਭਾਰਤ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ ਉਥੇ ਹੀ ਪੰਜਾਬ ਦੀ ਨੌਜਵਾਨੀ ਨੂੰ ਵੀ ਇਸ ਮੋਰਚੇ ਵਿਚ ਪੁਜਣ ਦੀ ਬੇਨਤੀ ਕੀਤੀ ਹੈ |
ਅਪਣੀ ਵਿਸ਼ੇਸ਼ ਜਿਪਸੀ ਰਾਹੀਂ ਮੋਰਚਿਆਂ ਵਿਚ ਹਾਜ਼ਰੀ ਭਰਨ ਵਾਲੇ ਸਫ਼ਰ ਰਜਿੰਦਰ ਸਿੰਘ ਬਾਲੀ ਨੇ ਅਪਣੀ ਜਿਪਸੀ ਤੇ ਪੋਸਟਰ ਲਾਏ ਹੋਏ ਹਨ ਜਿਨ੍ਹਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤ ਸਰਕਾਰ ਨੂੰ ਲਾਹਨਤ ਪਾਈ ਗਈ ਹੈ | ਅਜਿਹੇ ਇਕ ਗੀਤ ਦੇ ਬੋਲ ਹਨ 'ਵਾਹ ਵਾਹ ਨੀ ਭਾਰਤ ਸਰਕਾਰੇ ਤੇਰੇ ਕੰਮ ਨੇ ਨਿਆਰੇ |'
ਨੂਰ ਸੰਸਥਾ ਦੀ ਪ੍ਰਧਾਨ ਬੀਬੀ ਚਰਨਜੀਤ ਕੌਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲਟਕਾਉਣਾ ਇਨਸਾਫ਼ ਦੇ ਉਲਟ ਹੈ | ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਕਰਮ ਸਿੰਘ, ਮਨਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਦੁਰਾਲੀ ਸਮੇਤ ਲੱਖੋਵਾਲ ਗਰੁਪ ਦੇ ਕਿਸਾਨ ਵੀ ਮੋਰਚੇ ਵਿਚ ਪੁੱਜੇ | ਉਨ੍ਹਾਂ ਦਸਿਆ ਕਿ 18 ਜਨਵਰੀ ਨੂੰ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਜਥੇਬੰਦੀ ਦੇ ਕਿਸਾਨਾਂ ਦੇ ਇਥੇ ਪੁੱਜਣ ਦੀ ਉਮੀਦ ਹੈ | ਗੁਰਦੁਆਰਾ ਲੰਗਰ ਸਾਹਿਬ, ਸ੍ਰੀ ਹਜ਼ੂਰ ਸਾਹਿਬ ਦੇ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਵਿਚ ਲੰਗਰ ਦੀ ਸੇਵਾ ਅਟੁਟ ਚਲ ਰਹੀ ਹੈ |