
ਅਗਲੇ 4-5 ਦਿਨਾਂ ਤਕ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ
Punjab Weather Update: ਪੰਜਾਬ ਤੇ ਹਰਿਆਣਾ ਸਮੇਤ ਉੱਤਰੀ ਭਾਰਤ ਵਿਚ ਜ਼ਿਆਦਾਤਾਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚਲਾ ਗਿਆ ਹੈ। ਸ਼ਨਿਚਰਵਾਰ ਦੀ ਸਵੇਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਇਸ ਕਾਰਨ ਵਿਜ਼ੀਬਿਲਟੀ 25 ਤੋਂ 50 ਮੀਟਰ ਦੇ ਵਿਚਕਾਰ ਰਹੀ।
ਬੀਤੇ ਦਿਨ ਹੀ ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਕਰੀਬ 10 ਸਾਲਾਂ ਬਾਅਦ ਦੋਵਾਂ ਸੂਬਿਆਂ ਵਿਚ ਧੁੰਦ ਅਤੇ ਸੀਤ ਲਹਿਰ ਦੇ ਅਜਿਹੇ ਹਾਲਾਤ ਪੈਦਾ ਹੋਏ ਹਨ। ਰਾਤ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ 'ਚ ਸਥਿਤੀ ਆਮ ਵਾਂਗ ਬਣੀ ਹੋਈ ਹੈ, ਜਦਕਿ ਹਿਮਾਚਲ 'ਚ 16-17 ਜਨਵਰੀ ਨੂੰ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੁਹਾਲੀ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮੌਸਮ ਵਿਭਾਗ ਵਲੋਂ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਜਿਥੇ 13 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ 14 ਤੋਂ 19 ਜਨਵਰੀ ਤਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ। ਇਥੇ ਧੁੰਦ ਅਤੇ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਰਹੇਗਾ। ਰਾਤਾਂ ਠੰਢੀਆਂ ਰਹਿਣਗੀਆਂ, ਪਰ ਦਿਨ ਦੇ ਤਾਪਮਾਨ ਵਿਚ ਮਾਮੂਲੀ ਵਾਧਾ ਹੋਵੇਗਾ। 14 ਤੋਂ 19 ਜਨਵਰੀ ਤਕ ਮੌਸਮ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ।
ਅਜਿਹਾ ਹੀ ਹਾਲ ਹਰਿਆਣਾ ਦਾ ਹੈ। ਹਰਿਆਣਾ ਦੇ 8 ਜ਼ਿਲ੍ਹਿਆਂ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਮਹਿੰਦਰਗੜ੍ਹ, ਰੇਵਾੜੀ, ਫਰੀਦਾਬਾਦ ਅਤੇ ਗੁਰੂਗ੍ਰਾਮ ਵਿਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ 'ਚ ਸਵੇਰੇ ਧੁੰਦ ਛਾਈ ਰਹੇਗੀ, ਜਦਕਿ ਦੁਪਹਿਰ ਨੂੰ ਧੁੱਪ ਨਿਕਲ ਸਕਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਿਮਾਚਲ 'ਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤਕ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਬਿਲਾਸਪੁਰ, ਮੰਡੀ, ਹਮੀਰਪੁਰ, ਊਨਾ ਅਤੇ ਕਾਂਗੜਾ 'ਚ ਸਮੋਗ ਅਲਰਟ ਹੈ। ਇਥੇ 16 ਜਨਵਰੀ ਤੋਂ ਮੌਸਮ ਬਦਲ ਜਾਵੇਗਾ। 16-17 ਜਨਵਰੀ ਨੂੰ ਹਿਮਾਚਲ ਦੇ ਚੰਬਾ, ਕਿਨੌਰ, ਲਾਹੌਲ ਸਪਿਤੀ ਅਤੇ ਸ਼ਿਮਲਾ ਜ਼ਿਲਿਆਂ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ।
ਉੱਤਰੀ ਭਾਰਤ ’ਚ ਸ਼ੁਕਰਵਾਰ ਨੂੰ ਵੀ ਠੰਢ ਦਾ ਕਹਿਰ ਜਾਰੀ ਰਿਹਾ, ਹਾਲਾਂਕਿ ਦਿਨ ’ਚ ਅਸਮਾਨ ਸਾਫ਼ ਰਹਿਣ ਅਤੇ ਧੁੱਪ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ ’ਚ ਥੋੜ੍ਹਾ ਜਿਹਾ ਵਾਧਾ ਹੋਇਆ। ਉੱਤਰ ਭਾਰਤ ਦੇ ਕਈ ਹਿੱਸਿਆਂ ’ਚ 30-31 ਦਸੰਬਰ ਤੋਂ ਠੰਢੀਆਂ ਤੋਂ ਲੈ ਕੇ ਬਹੁਤ ਠੰਢੀਆਂ ਸਥਿਤਆਂ ਚਲ ਰਹੀਆਂ ਹਨ। ਸਵੇਰੇ ਭਾਰਤੀ-ਗੰਗਾ ਦੇ ਮੈਦਾਨੀ ਇਲਾਕਿਆਂ ’ਚ ਧੁੰਦ ਦੀ ਪਰਤ ਉੱਤਰ-ਪੂਰਬ ਤਕ ਫੈਲ ਗਈ, ਜਿਸ ਨਾਲ ਦ੍ਰਿਸ਼ਤਾ ਘੱਟ ਗਈ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ।
(For more Punjabi news apart from Punjab and Chandigarh Weather Update , stay tuned to Rozana Spokesman)