
Moga News: ਮਰਹੂਮ ਲੇਖਕ ਸੁਰਜੀਤ ਸਿੰਘ ਪਾਤਰ ਦੀ ਯਾਦ ਵਿੱਚ 'ਬਾਗ-ਏ-ਅਦਬ' ਪਾਰਕ ਦੀ ਕੀਤੀ ਸ਼ੁਰੂਆਤ
ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਪਿੰਡ ਦੇ ਸਰਪੰਚ ਹਰਿੰਦਰ ਸਿੰਘ ਸਰਾਂ ਵੱਲੋਂ ਮਰਹੂਮ ਕਵੀ ਸੁਰਜੀਤ ਪਾਤਰ ਜੀ ਦੀ ਯਾਦ ਵਿੱਚ 'ਬਾਗ-ਏ-ਅਦਬ' ਪਾਰਕ ਬਣਾਉਣ ਲਈ ਆਪਣੀ ਜ਼ਮੀਨ ਵਿੱਚੋਂ ਸਵਾ ਦੋ ਏਕੜ ਜ਼ਮੀਨ ਦਾਨ ਕੀਤੀ ਗਈ। ਖੇਤੀਬਾੜੀ ਵਿਭਾਗ ਮੋਗਾ ਤੋਂ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀਆ ਦੀ ਰਹਿਨਮਾਈ ਹੇਠ ਸੋਚ ਸੰਸਥਾ ਦੇ ਸਹਿਯੋਗ ਨਾਲ 'ਬਾਗ-ਏ-ਅਦਬ' ਪਾਰਕ ਬਣਾਉਣ ਦੀ ਸ਼ੁਰੂਆਤ ਕੀਤੀ। ਇਸ ਪਾਰਕ ਦੀ ਸ਼ੁਰੂਆਤ ਸਮੇਂ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਪਾਤਰ ਵੱਲੋਂ ਲਿਖੀਆਂ ਗਜ਼ਲਾਂ ਅਤੇ ਕਵਿਤਾਵਾਂ ਗਾ ਕੇ ਸ਼ੁਰੂਆਤ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੈਡਮ ਰਵਨੀਤ ਕੌਰ ਐਸਐਸਪੀ , ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ,ਮਲਕੀਤ ਸਿੰਘ ਰੌਣੀ ਫ਼ਿਲਮ ਅਦਾਕਾਰ ਤੋਂ ਇਲਾਵਾ ਮਰਹੂਮ ਕਵੀ ਸੁਰਜੀਤ ਪਾਤਰ ਜੀ ਦੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਲੱਖੇਵਾਲੀਆ ਨੇ ਦੱਸਿਆ ਕਿ ਇਸ ਪਾਰਕ ਵਿੱਚ ਜਿੱਥੇ ਪੰਜਾਬੀ ਦੇ 35 ਅੱਖਰਾਂ ਦੇ ਆਧਾਰ 'ਤੇ ਬੋਰਡ ਸਥਾਪਿਤ ਕੀਤੇ ਜਾਣਗੇ ਉੱਥੇ ਹੀ ਉਹਨਾਂ ਨਾਲ ਇੱਕ-ਇੱਕ ਉਸੇ ਅੱਖਰ ਦੇ ਨਾਲ ਸਬੰਧ ਰੱਖਦਾ ਪੌਦਾ ਵੀ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਇਸ ਪਾਰਕ ਵਿੱਚ ਇੱਕ ਲਾਇਬਰੇਰੀ ਵੀ ਸਥਾਪਿਤ ਕੀਤੀ ਜਾਵੇਗੀ ਜਿਸ ਵਿੱਚ ਮਰਹੂਮ ਕਵੀ ਸੁਰਜੀਤ ਪਾਤਰ ਦੀਆਂ ਲਿਖਤਾਂ ਅਤੇ ਸਮੇਂ-ਸਮੇਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਰਵਨੀਤ ਕੌਰ ਐਸਐਸਪੀ ਨੇ ਕਿਹਾ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਜੰਮਦਿਆਂ ਸਾਰ ਹੀ ਬੱਚਿਆਂ ਦੇ ਮਾਪਿਆਂ ਵੱਲੋਂ ਉਹਨਾਂ ਨੂੰ ਛੋਟੀ ਉਮਰੇ ਹੀ ਮੋਬਾਇਲਾਂ ਦਾ ਸਹਾਰਾ ਦੇਖ ਕੇ ਆਪਣਾ ਫਰਜ਼ ਨਿਭਾਇਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਜਿਸ ਬੱਚੇ ਦੇ ਹੱਥ ਕਿਤਾਬਾਂ ਦੀ ਥਾਂ ਮੋਬਾਇਲ ਫੜਾ ਦਿੱਤਾ ਜਾਂਦਾ ਹੈ ਉਹਨਾਂ ਤੋਂ ਗਿਆਨ ਅਤੇ ਐਜੂਕੇਸ਼ਨ ਦੀ ਆਸ ਕਿੱਥੇ ਰੱਖੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਬੱਚਿਆਂ ਦੇ ਹੱਥ ਮੋਬਾਈਲਾਂ ਦੀ ਜਗ੍ਹਾ ਕਿਤਾਬਾਂ ਦੇਣ ਦੀ।
ਇਸ ਮੌਕੇ 'ਤੇ ਮੈਡਮ ਰਵਨੀਤ ਕੌਰ ਨੇ ਅੱਜ 'ਬਾਗ-ਏ-ਅਦਬ' ਪਾਰਕ ਬਣਾਉਣ 'ਤੇ ਸੋਚ ਸੰਸਥਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਰਹੂਮ ਕਵੀ ਸੁਰਜੀਤ ਪਾਤਰ ਜਿੰਨਾ ਵੱਲੋਂ ਲਿਖਿਆ ਇੱਕ-ਇੱਕ ਸ਼ਬਦ ਇੱਕ-ਇੱਕ ਕਵਿਤਾ ਗਿਆਨ ਦੇਣ ਵਾਲੀ ਹੈ ਅਤੇ ਅਜਿਹੀ ਸ਼ਖਸ਼ੀਅਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਸਰਪੰਚ ਹਰਿੰਦਰ ਸਿੰਘ ਸਰਾਂ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਵਿੱਚੋਂ ਜ਼ਮੀਨ ਦਾਨ ਕਰਕੇ ਅੱਜ ਉਸ ਸ਼ਖਸ਼ੀਅਤ ਦੀ ਯਾਦ ਵਿੱਚ ਪਾਰਕ ਬਣਾਉਣਾ ਸੁਰ ਕੀਤਾ ਹੈ ਜਿਸ ਸ਼ਖਸ਼ੀਅਤ ਦੀ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ।