
Amritsar News : ਕਿਹਾ - ਜਥੇਦਾਰ ਹਰਪ੍ਰੀਤ ਸਿੰਘ ਨੂੰ ਜਲੀਲ ਕਰ ਕੇ ਸੇਵਾਮੁਕਤ ਕਰਨਾ ਮੰਦਭਾਗਾ ਇਸ ਹਾਲਾਤ ਤੋਂ ਮੇਰਾ ਮਨ ਬੇਹੱਦ ਦੁਖੀ
Amritsar News in Punjabi : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ’ਚ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖ਼ਿਲਾਫ਼ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗ਼ਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ। ਇਸ ਸਬੰਧ ਵਿਚ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵਲੋ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ। ਜੇਕਰ ਕਿਸੇ ਵੀ ਤਖ਼ਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋ ਸੇਵਾਮੁਕਤ ਕਰਨਾ ਮੰਦਭਾਗਾ ਹੈ। ਇਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰ ਕੇ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ। ਇਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨਾ ਬੇਹੱਦ ਨਿੰਦਣਯੋਗ ਅਤੇ ਮੰਦਭਾਗਾ ਵਰਤਾਰਾ ਹੈ ਜੋ ਕਿ ਤਖ਼ਤ ਸਾਹਿਬਾਨ ਦੀ ਅਜਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ।
(For more news apart from Jathedar Giani Raghbir Singh Akal Takht Sahib came in favor Jathedar Harpreet Singh News in Punjabi, stay tuned to Rozana Spokesman)