
ਕਿਹਾ, ਪੀੜਤ ਕਿਸਾਨਾਂ ਦੇ ਨਾਲ ਖੜ੍ਹੀ ਹੈ ਸਰਕਾਰ
ਅਬੋਹਰ : ਬੀਤੀ ਰਾਤ ਹੋਈ ਭਾਰੀ ਗੜੇਮਾਰੀ ਨੇ ਪੰਜਾਬ ਭਰ ਅੰਦਰ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਨਾਲ ਕਣਕ ਤੋਂ ਇਲਾਵਾ ਹੋਰ ਫ਼ਸਲਾਂ, ਬਾਗਾਂ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਕਿਹਾ ਹੈ।
Photo
ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਕਾਂਗਰਸ ਦੀ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਮੁਆਵਜ਼ਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਉਪਮੰਡਲ ਅਬੋਹਰ ਤੇ ਉਪ ਮੰਡਲ ਦੀ ਉਪ ਤਹਿਸੀਲ ਖੂਈਆਂ ਸਰਵਰ ਖੇਤਰ 'ਚ ਵੱਡੀ ਗਿਣਤੀ ਕਿਸਾਨਾਂ ਨੇ ਫ਼ਸਲੀ ਵਿਭਿਨਤਾ ਪ੍ਰੋਗਰਾਮ ਨੂੰ ਅਪਣਾਇਆ ਹੈ।
Photo
ਇਸ ਇਲਾਕੇ ਅੰਦਰ ਵੱਡੀ ਗਿਣਤੀ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਨੂੰ ਤਿਆਗ ਕੇ ਕਿੰਨੂ ਦੇ ਬਾਗ ਲਾਏ ਹੋਏ ਹਨ। ਦੂਜੇ ਪਾਸੇ ਬੀਤੀ ਰਾਤ ਹੋਈ ਬਾਰਸ਼ ਤੇ ਗੜੇਮਾਰੀ ਨੇ ਇਨ੍ਹਾਂ ਬਾਗਾਂ ਦੇ ਨਾਲ ਨਾਲ ਕਈ ਕਈ ਸਾਲ ਪੁਰਾਣੇ ਬਾਗਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।
Photo
ਉਨ੍ਹਾਂ ਕਿਹਾ ਕਿ ਇਸ ਸਮੇਂ ਬਾਗ਼ ਬਹਾਰ 'ਤੇ ਸਨ ਤੇ ਉਨ੍ਹਾਂ 'ਤੇ ਫ਼ੁਲ ਆਏ ਹੋਏ ਸਨ ਜੋ ਤੇਜ਼ ਹਨੇਰੀ ਅਤੇ ਗੜ੍ਹੇਮਾਰੀ ਕਾਰਨ ਝੜ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬਾਗ਼ਾਂ 'ਚ ਅਜੇ ਫਲਾਂ ਦੀ ਤੁੜਾਈ ਬਾਕੀ ਸੀ, ਉਥੇ ਫਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।
Photo
ਉਨ੍ਹਾਂ ਕਿਹਾ ਕਿ ਇਨ੍ਹਾਂ ਬਾਗ਼ਬਾਨਾਂ ਦਾ ਨੁਕਸਾਨ ਰਵਾਇਤੀ ਫ਼ਸਲਾਂ ਤੋਂ ਵਧੇਰੇ ਹੋਣ ਦਾ ਅਨੁਮਾਨ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਰਕਾਰ ਬਾਗ਼ਬਾਨਾਂ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤੁਰਤ ਨੀਤੀ ਬਣਾ ਕੇ ਮੁਆਵਜ਼ਾ ਦੇਣਾ ਯਕੀਨੀ ਬਣਾਵੇ।