
ਬਲਦੇਵ ਸਿੰਘ ਸਿਰਸਾ ਨੇ ਗਰੇਵਾਲ ਨੂੰ ਸਿੱਖੀ ਸਿਧਾਂਤਾਂ ਤੋਂ ਕੋਰਾ ਦਸਿਆ
ਨਵੀਂ ਦਿੱਲੀ, 12 ਮਾਰਚ (ਸੁਰਖਾਬ ਚੰਨ): ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ। ਅੰਦੋਲਨ ਨੂੰ ਦੇਸ਼-ਵਿਦੇਸ਼ ਦੇ ਧਾਰਮਕ, ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਮਰਥਨ ਹਾਸਲ ਹੈ। ਇਨ੍ਹਾਂ ਵਿਚ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੈ, ਜਿਸ ਨੇ ਸੰਘਰਸ਼ੀ ਧਿਰਾਂ ਦੀ ਮਦਦ ਦਾ ਉਪਰਾਲਾ ਕੀਤਾ। ਜਿਵੇਂ ਬਾਕੀ ਸੰਸਥਾਵਾਂ ਨੂੰ ਸੱਤਾਧਾਰੀ ਧਿਰ ਦੇ ਉਲਾਭਿਆ ਦਾ ਸਾਹਮਣਾ ਕਰਨਾ ਪਿਆ ਹੈ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ‘ਤੇ ਵੀ ਉਂਗਲ ਉਠੀ ਹੈ। ਇਹ ਉਂਗਲ ਭਾਜਪਾ ਦੇ ਪੰਜਾਬ ਨਾਲ ਸਬੰਧਤ ਆਗੂ ਹਰਜੀਤ ਸਿੰਘ ਗਰੇਵਾਲ ਵਲੋਂ ਚੁਕੀ ਗਈ ਹੈ, ਜਿਨ੍ਹਾਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲ ਬਕਾਇਦਾ ਪੱਤਰ ਲਿਖ ਕੇ ਕਿਸਾਨੀ ਅੰਦੋਲਨ ਦੇ ਸਮਰਥਨ ’ਤੇ ਸਵਾਲ ਉਠਾਏ ਸਨ। ਇਸ ਤੋਂ ਬਾਅਦ ਹਰਜੀਤ ਗਰੇਵਾਲ ਸਿੱਖ ਆਗੂਆਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਸਿੱਖ ਬੁੱਧੀਜੀਵੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਹਰਜੀਤ ਗਰੇਵਾਲ ਦੇ ਸਿੱਖ ਹੋਣ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਹਰਜੀਤ ਗਰੇਵਾਲ ਸਿੱਖ ਪ੍ਰਵਾਰ ਅੰਦਰ ਜਨਮੇ ਜ਼ਰੂਰ ਹਨ, ਪਰ ਜ਼ਹਿਨੀ ਤੌਰ ’ਤੇ ਉਹ ਸਿੱਖੀ ਸਿਧਾਂਤਾਂ ਤੋਂ ਕੋਰੇ ਹਨ। ਹਰਜੀਤ ਗਰੇਵਾਲ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਬਦਲੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁਕਣ ਬਾਰੇ ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਉਸ ਸਮੇਂ ਕਿਥੇ ਸਨ, ਜਦੋਂ ਉਨ੍ਹਾਂ ਦੀ ਭਾਈਵਾਲ ਧਿਰ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਦੀ ਗੋਲਕ ਦੇ ਸ਼ਰੇਆਮ ਦੁਰਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਤੇ ਗ਼ਰੀਬ ਦਾ ਮੂੰਹ ਦੇ ਸਿਧਾਂਤ ਮੁਤਾਬਕ ਇਸ ਦਾ ਅਸਲ ਹੱਕਦਾਰ ਲੋੜਵੰਦ ਅਤੇ ਗ਼ਰੀਬ ਹੀ ਹਨ, ਪਰ ਇਸ ’ਤੇ ਕਾਬਜ਼ ਧਿਰ ਵਲੋਂ ਅਕਾਲੀ-ਭਾਜਪਾ ਗਠਜੋੜ ਵਲੋਂ ਲੜੀਆਂ ਜਾਂਦੀਆਂ ਚੋਣਾਂ ਦੌਰਾਨ ਇਸ ਦੀ ਆਮਸ਼ਰੇ ਕੁਵਰਤੋਂ ਕੀਤੀ ਜਾਂਦੀ ਰਹੀ ਹੈ। ਉਸ ਵਕਤ ਗਰੇਵਾਲ ਨੇ ਇਸ ਵਿਰੁਧ ਆਵਾਜ਼ ਕਿਉਂ ਨਹੀਂ ਉਠਾਈ?
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕੇਵਲ ਕਿਸਾਨਾਂ ਦਾ ਨਹੀਂ, ਇਹ ਦੇਸ਼ ਦੇ ਸਮੂਹ ਵਰਗਾਂ ਦੇ ਹੱਕਾਂ ਲਈ ਚਲ ਰਿਹਾ ਹੈ। ਜੇਕਰ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਮਦਦ ਕਰਨਾ ਸ਼੍ਰੋਮਣੀ ਕਮੇਟੀ ਲਈ ਸਹੀ ਨਹੀਂ ਹੈ ਤਾਂ ਉਸ ਵੇਲੇ ਸਿਆਸੀ ਹਿਤਾਂ ਲਈ ਗਰੇਵਾਲ ਵਲੋਂ ਅਪਣੇ ਭਾਈਵਾਲਾਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਗੋਲਕ ਦੀ ਕੀਤੀ ਗਈ ਦੁਰਵਰਤੋਂ ਕਿਵੇਂ ਸਹੀ ਹੋ ਸਕਦੀ ਹੈ? ਗਰੇਵਾਲ ਵਲੋਂ ਸ਼੍ਰੋਮਣੀ ਕਮੇਟੀ ’ਤੇ ਕਿਸਾਨੀ ਅੰਦੋਲਨ ਨੂੰ ਧਾਰਮਕ ਰੰਗਤ ਦੇਣ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਅਧਰਮੀ ਲੋਕ ਹਨ ਅਤੇ ਗੱਲ ਧਰਮ ਦੀ ਕਰ ਰਹੇ ਹਨ। ਗੁਰੂ ਦੀ ਗੋਲਕ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਲਈ ਇਸ ਸੰਸਥਾ ’ਤੇ ਕਾਬਜ਼ ਧਿਰ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਧਰਮੀ ਅਤੇ ਚੰਗੇ ਲੋਕਾਂ ਦੇ ਕਾਬਜ਼ ਹੋਣ ਦੀ ਲੋੜ ਹੈ, ਤਾਂ ਹੀ ਇਸ ਦੀ ਗੋਲਕ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਹਿਤਾਂ ਲਈ ਲੜੀ ਜਾ ਰਹੀ ਲੜਾਈ ਵਿਚ ਸ਼੍ਰੋਮਣੀ ਕਮੇਟੀ ਸਮੇਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ।