
‘ਜਦੋਂ ਤਕ ਬਿਲ ਰੱਦ ਨਹੀਂ ਹੁੰਦੇ ਉਦੋਂ ਤਕ ਘਰ ਵਾਪਸ ਨਹੀਂ ਜਾਵਾਂਗੇ’
ਨਵੀਂ ਦਿੱਲੀ, 12 ਮਾਰਚ (ਸੈਸਵ ਨਾਗਰਾ): ਕਿਸਾਨਾਂ ਨੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਸਿੰਘੂ, ਟਿਕਰੀ, ਗ਼ਾਜ਼ੀਪੁਰ, ਸ਼ਾਹ ਜਹਾਂ ਤੇ ਪਲਵਲ ਆਦਿ ਕਈ ਬਾਰਡਰਾਂ ਨੂੰ ਬੰਦ ਕਰ ਕੇ ਦਿੱਲੀ ਨੂੰ ਘੇਰਿਆ ਹੋਇਆ ਹੈ। ਇਸ ਸੰਘਰਸ਼ ਵਿਚ ਹੁਣ ਤਕ ਢਾਈ ਸੌ ਤੋਂ ਵੱਧ ਕਿਸਾਨ ਸ਼ਹਾਦਤਾਂ ਦੇ ਜਾਮ ਪੀ ਚੁੱਕੇ ਹਨ। ਇਸ ਕਿਸਾਨੀ ਸੰਘਰਸ਼ ਵਿਚ ਹਰ ਕੋਈ ਹਿੱਸਾ ਲੈ ਰਿਹਾ ਹੈ। ਸਰਹਿੰਦ ਤੋਂ ਕੁੱਝ ਨੌਜਵਾਨ ਹੱਥ ਵਿਚ ਮਸ਼ਾਲ ਫੜ ਕੇ ਸਿੰਘੂ ਬਾਰਡਰ ਪਹੁੰਚੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ ਅਤੇ ਇਸ ਨਾਲ ਲੋਕਾਂ ਵਿਚ ਹੋਰ ਜੋਸ਼ ਭਰ ਗਿਆ ਹੈ। ਲੋਕਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਤੇ ਅੱਜ ਉਹ ਹੱਥ ਵਿਚ ਮਸ਼ਾਲ ਫੜਕੇ ਗਾਜ਼ੀਪੁਰ ਬਾਰਡਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੀ ਆਵਾਜ਼ ਬਾਹਰ ਦੇਸ਼ਾਂ ਵਿਦੇਸ਼ਾਂ ਤਕ ਪਹੁੰਚ ਚੁਕੀ ਹੈ। ਉਨ੍ਹਾਂ ਕਿਹਾ ਕਿ ਉਹ ਸਿੰਘੂ ਬਾਰਡਰ ’ਤੇ ਵੀ ਬੂਟਾ ਲਾ ਕੇ ਆਏ ਹਨ ਤੇ ਹੁਣ ਗਾਜ਼ੀਪੁਰ ਬਾਰਡਰ ’ਤੇ ਵੀ ਬੂਟਾ ਲਾਉਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਬਿਲ ਰੱਦ ਨਹੀਂ ਹੁੰਦੇ ਉਦੋਂ ਤਕ ਘਰ ਵਾਪਸ ਨਹੀਂ ਜਾਣਗੇ।