
ਏ.ਵੇਨੂ ਪ੍ਰਸ਼ਾਦ ਦੀ ਭਗਵੰਤ ਮਾਨ ਨਾਲ ਮੁੱਖ ਸਕੱਤਰ ਵਜੋਂ ਹੋਈ ਤਾਇਨਾਤੀ
ਇਮਾਨਦਾਰ ਤੇ ਅਨੁਭਵੀ ਅਫ਼ਸਰ ਹਨ ਵੇਨੂੰ ਪ੍ਰਸਾਦ
ਚੰਡੀਗੜ੍ਹ, 12 ਮਾਰਚ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ 16 ਮਾਰਚ ਨੂੰ ਅਹੁਦੇ ਦੀ ਸਹੁੰ ਚੁਕਣ ਬਾਅਦ ਕੰਮਕਾਰ ਸੰਭਾਲੇ ਜਾਣ ਤੋਂ ਪਹਿਲਾਂ ਉਨ੍ਹਾਂ ਨਾਲ ਅਧਿਕਾਰੀ ਤੈਨਾਤ ਕੀਤੇ ਜਾਣ ਦੀ ਕਾਰਵਾਈ ਅੱਜ ਰਾਜਪਾਲ ਵਲੋਂ ਸਰਕਾਰ ਬਣਾਉਣ ਦਾ ਸੱਦਾ ਮਿਲਣ ਬਾਅਦ ਸ਼ੁਰੂ ਹੋ ਗਈ ਹੈ | ਉਨ੍ਹਾਂ ਨਾਲੋਂ ਸੱੱਭ ਤੋਂ ਪਹਿਲੀ ਤੈਨਾਤੀ ਮੁੱਖ ਸਕੱਤਰ ਵਜੋਂ 1919 ਬੈਂਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਏ.ਵੇਣੂ ਪ੍ਰਸਾਦ ਦੀ ਹੋਈ ਹੈ | ਉਹ ਹੁਸਨ ਲਾਲ ਦੀ ਥਾਂ ਲੈਣਗੇ ਜੋ ਮੁੱਖ ਮੰਤਰੀ ਚੰਨੀ ਨਾਲ ਪ੍ਰਮੁੱਖ ਸਕੱਤਰ ਵਜੋਂ ਤੈਨਾਤ ਸਨ |
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨਾਲ ਮੁੱਖ ਸਕੱਤਰ ਰੈਂਕ ਦੇ ਸੀਨੀਅਰ ਅਧਿਕਾਰੀ ਨੂੰ ਲਾਇਆ ਗਿਆ ਹੈ ਜਦਕਿ ਹੁਸਨ ਲਾਲ ਪ੍ਰਮੁੱਖ ਸਕੱਤਰ ਰੈਂਕ ਦੇ ਅਧਿਕਾਰੀ ਸਨ | ਏ.ਵੇਣੂ ਪ੍ਰਸ਼ਾਦ ਕੋਲ ਮੁੱਖ ਸਕੱਤਰ ਦੀਆਂ ਸ਼ਕਤੀਆਂ ਹੋਣ ਕਾਰਨ ਉਹ ਸੂਬੇ ਦੇ ਮੁੱਖ ਸਕੱਤਰ ਬਰਾਬਰ ਹੋਣਗੇ | ਇਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਦੇ ਸਾਰੇ ਫ਼ੈਸਲੇ ਏ.ਵੇਣੂ ਪ੍ਰਸਾਦ ਦੀ ਸਲਾਹ ਨਾਲ ਹੀ ਹੋਣਗੇ | ਹੁਸਨ ਲਾਲ ਹੁਣ ਬਦਲ ਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਪ੍ਰਮੁੱਖ ਸਕੱਤਰ ਲਾਇਆ ਗਿਆ ਹੈ | ਭਗਵੰਤ ਮਾਨ ਨਾਲ ਲਾਏ ਗਏ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਇਕ ਇਮਾਨਦਾਰ, ਮਿਹਨਤੀ ਅਤੇ ਅਨੁਭਵੀ ਅਧਿਕਾਰੀਆਂ ਵਿਚੋਂ ਹਨ | ਉਹ ਲੰਮੇ ਸਮੇਂ ਤੋਂ ਪਾਵਰਕਾਮ ਦੇ ਚੇਅਰਮੈਨ ਤੇ ਐਮ.ਡੀ. ਵਜੋਂ ਕੰਮ ਕਰ ਰਹੇ ਹਨ | ਉਨ੍ਹਾਂ ਨੂੰ ਬਿਜਲੀ ਵਿਭਾਗ ਦਾ ਵੀ ਚੰਗਾ ਤਜਰਬਾ ਹੈ ਅਤੇ ਵਾਅਦੇ ਮੁਤਾਬਕ 'ਆਪ' ਸਰਕਾਰ ਵਲੋਂ ਲੋਕਾਂ ਨੂੰ ਰਿਆਇਤੀ ਤੇ ਨਿਰਘਿਵਨ ਬਿਜਲੀ ਸਪਲਾਈ ਦੇਣ ਦੇ ਕੰਮ ਵਿਚ ਏ.ਵੇਣੂ ਪ੍ਰਸਾਦ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹਨ |
ਮੁੱਖ ਸਕੱਤਰ ਅਨਿਰੁਧ ਤਿਵਾੜੀ ਵਲੋਂ ਉਨ੍ਹਾਂ ਦੇ ਜਾਰੀ ਤੈਨਾਤੀ ਦੇ ਹੁਕਮਾਂ ਮੁਤਾਬਕ ਉਨ੍ਹਾਂ ਕੋਲ ਸੰਸਦੀ ਮਾਮਲੇ ਵਿਭਾਗ ਤੋਂ ਇਲਾਵਾ ਪਾਵਰਕਾਮ ਅਤੇ ਵਿੱਤ ਕਮਿਸ਼ਨਰ ਟੈਕਸੇਸ਼ਨ ਦਾ ਚਾਰਜ ਵੀ ਰਹੇਗਾ |