
ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਹਾਰ 'ਤੇ ਜਥੇਦਾਰ ਨੇ ਕਮਾਂਡ ਸੰਭਾਲੀ?
ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖਾਂ ਲਈ ਹੀ ਨਹੀਂ ਦੇਸ਼ ਵਾਸਤੇ ਵੀ ਘਾਤਕ : ਜਥੇਦਾਰ
ਅੰਮਿ੍ਤਸਰ, 12 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸਕ ਹਾਰ 'ਤੇ ਡੂੰਘੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਅਨੇਕਾਂ ਸ਼ਹੀਦੀਆਂ ਪਾਉਣ ਵਾਲੇ ਇਸ ਮਹਾਨ ਸੰਗਠਨ ਦਾ ਖ਼ਾਤਮਾ ਕੇਵਲ ਸਿੱਖਾਂ ਲਈ ਹੀ ਨਹੀਂ, ਦੇਸ਼ ਵਾਸਤੇ ਵੀ ਘਾਤਕ ਹੈ | ਉਨ੍ਹਾਂ ਸਮੂਹ ਅਕਾਲੀ ਦਲਾਂ ਨੂੰ ਜ਼ੋਰ ਦਿਤਾ ਕਿ ਉਹ ਪੰਥਕ ਹਿਤਾਂ ਲਈ ਇਕ ਮੰਚ 'ਤੇ ਇਕੱਠੇ ਹੋਣ |
'ਜਥੇਦਾਰ' ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਮਤਭੇਦ ਰੱਖਣ ਵਾਲਿਆਂ ਨੇ ਵੀ ਚਿੰਤਾ ਪ੍ਰਗਟਾਈ ਹੈ ਜਿਨ੍ਹਾਂ ਦਾ ਪਾਰਟੀ ਨਾਲ ਕੋਈ ਸਰੋਕਾਰ ਨਹੀਂ ਜੋ ਸੱਭ ਤੋਂ ਖ਼ੁਸ਼ੀ ਭਰੀ ਗੱਲ ਹੈ | ਇਸ ਹਾਰ ਬਾਅਦ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਫ਼ੋਨ ਅਤੇ ਈ-ਮੇਲ ਰਾਹੀਂ ਪੱਤਰਾਂ ਦਾ ਹੜ੍ਹ ਆ ਗਿਆ ਹੈ | ਉਨ੍ਹਾਂ ਭਾਰਤ ਸਰਕਾਰ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਮਹਾਨ ਅਹਿਮੀਅਤ ਹੈ ਇਨ੍ਹਾਂ ਦੋ ਸੰਗਠਨਾਂ ਦੀ ਅਗਵਾਈ ਹੇਠ ਸਿੱਖਾਂ ਨੇ ਦੇਸ਼ ਅਤੇ ਹਰ ਸੰਕਟ ਸਮੇਂ ਮਿਸਾਲੀ ਯੋਗਦਾਨ ਪਾਇਆ ਹੈ | ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਅਜਿਹਾ ਪਲੇਟਫ਼ਾਰਮ ਹੈ ਜਿਥੇ ਪੰਥ ਦੇ ਵੱਖ-ਵੱਖ ਧੜੇ ਆਪਸੀ ਵਖਰੇਵਿਆਂ ਦਾ ਨਿਪਟਾਰਾ ਬੜੇ ਚੰਗੇ ਢੰਗ ਨਾਲ ਕਰ ਸਕਦੇ ਹਨ | 'ਜਥੇਦਾਰ' ਨੇ ਪੰਜਾਬ ਦੀ ਰਾਜਨੀਤੀ ਵਿਚ ਸਿਰੇ ਦਾ ਨਿਘਾਰ ਆਉਣ ਅਤੇ ਬੋਲ-ਚਾਲ ਮੌਕੇ ਲੀਡਰਸ਼ਿਪ ਵਲੋਂ ਨੀਵੇਂ ਪੱਧਰ ਦੇ ਉਚਾਰਨ ਨੂੰ ਬੇਹੱਦ ਮੰਦਭਾਗਾ ਕਰਾਰ ਦਿਤਾ ਹੈ |
'ਜਥੇਦਾਰ' ਅਕਾਲ ਤਖ਼ਤ ਨੇ ਸਪਸ਼ਟ ਕੀਤਾ ਕਿ ਸਿੱਖਾਂ ਵਿਚ ਜਾਤ-ਪਾਤ ਅਤੇ ਨਫ਼ਰਤ ਲਈ ਕੋਈ ਥਾਂ ਨਹੀਂ | ਉਨ੍ਹਾਂ ਸਿੱਖ ਸੋਚ ਮੁੜ ਉਭਾਰਨ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਸੋਚ ਹੈ | ਇਸ ਸੋਚ ਨੂੰ ਵਾਪਸ ਲਿਆਉਣ ਦੀ ਜ਼ਰੂਰਤ ਹੈ | ਸ਼੍ਰੋਮਣੀ ਅਕਾਲੀ ਦਲ ਰਾਜ ਕਰਨ ਲਈ ਨਹੀਂ, ਸਿੱਖੀ ਅਸੂਲਾਂ ਤੇ ਪਹਿਰਾ ਦੇਣ ਲਈ ਇਸ ਦੀ ਰਚਨਾ 14 ਦਸੰਬਰ 1920 ਨੂੰ ਹੋਈ ਸੀ |