
ਮੋਬਾਈਲ ਰਿਪੇਅਰ ਦੀ ਦੁਕਾਨ ਤੋਂ ਲੈ ਕੇ ਦਿਹਾੜੀ ਵੀ ਕਰਦੇ ਰਹੇ ਹਨ ਲਾਭ ਸਿੰਘ ਉੱਗੋਕੇ
ਚੰਡੀਗੜ੍ਹ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਇਸ ਸਿਆਸੀ ਪਾਰਟੀ ਦੇ ਹਿੱਸੇ 117 ਵਿਚੋਂ 92 ਸੀਟਾਂ ਆਈਆਂ ਹਨ। ਆਮ ਆਦਮੀ ਪਾਰਟੀ ਵਲੋਂ ਹਮੇਸ਼ਾਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਮੌਕਾ ਦਿਤਾ ਹੈ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਵੰਡੀਆਂ ਹਨ। ਇਹ ਗੱਲ ਅਸਲ ਵਿਚ ਸੱਚ ਸਾਬਤ ਹੋਈ ਹੈ ਕਿ ਉਨ੍ਹਾਂ ਨੇ ਆਮ ਲੋਕਾਂ ਨੂੰ ਅੱਗੇ ਲਿਆਂਦਾ ਹੈ ਅਤੇ ਉਨ੍ਹਾਂ ਨੂੰ ਪਿਆਰ ਵੀ ਦਿੱਤਾ ਹੈ।
labh singh ugoke
ਅਜਿਹਾ ਹੀ ਇੱਕ ਜੇਤੂ ਵਿਧਾਇਕ ਪਿੰਡ ਉੱਗੋਕੇ ਦਾ ਹੈ ਜਿਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਹੈ ਅਤੇ ਜਿੱਤ ਆਪਣੇ ਨਾਮ ਦਰਜ ਕੀਤੀ ਹੈ। ਵਿਧਾਇਕ ਲਾਭ ਸਿੰਘ ਦੀ ਇਸ ਜਿੱਤ ਨੇ ਪਿੰਡ ਨੂੰ ਵੀ ਦੇਸ਼ ਦੁਨੀਆ ਵਿਚ ਮਸ਼ਹੂਰ ਕਰ ਦਿਤਾ ਹੈ। ਹਾਲਾਂਕਿ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਸਨ ਕਿ ਚਰਨਜੀਤ ਸਿੰਘ ਚੰਨੀ ਦਾ ਕੱਦ ਬਹੁਤ ਵੱਡਾ ਹੈ ਅਤੇ ਲਾਭ ਸਿੰਘ ਉੱਗੋਕੇ ਦਾ ਜਿੱਤਣਾ ਮੁਸ਼ਕਲ ਹੈ ਪਰ ਵੱਡੇ ਵੱਡੇ ਸਿਆਸਤਦਾਨਾਂ ਦੇ ਕਿਲ੍ਹੇ ਆਮ ਆਦਮੀ ਪਾਰਟੀ ਦੇ ਛੋਟੇ ਛੋਟੇ ਘਰਾਂ 'ਚੋਂ ਨਿਕਲੇ ਉਮੀਦਵਾਰਾਂ ਨੇ ਢਹਿ ਢੇਰੀ ਕਰ ਦਿੱਤੇ।
labh singh ugoke family
ਇਸ ਸਿਲਸਲੇ ਵਿਚ ਹੀ ਸਪੋਕੇਸਮੈਨ ਟੀਮ ਵਲੋਂ ਲਾਭ ਸਿੰਘ ਉੱਗੋਕੇ ਦੇ ਪ੍ਰਵਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੇ ਪ੍ਰਵਾਰ ਵਿਚ ਲਾਭ ਸਿੰਘ ਉੱਗੋਕੇ ਦੀ ਮਾਤਾ ਜੀ, ਪਤਨੀ ਅਤੇ ਦੋ ਪੁੱਤਰ ਹਨ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਦੀ ਮਾਤਾ ਜੀ ਨੇ ਦੱਸਿਆ ਕਿ ਲਾਭ ਸਿੰਘ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਦਿਹਾੜੀ ਵੀ ਕਰਦੇ ਰਹੇ ਹਨ ਅਤੇ ਹੁਣ ਤਕਰੀਬਨ ਅੱਠ ਸਾਲ ਤੋਂ ਸਿਆਸਤ ਵਿਚ ਸਨ।
labh singh ugoke family
ਲਾਭ ਸਿੰਘ ਨੂੰ ਪ੍ਰਵਾਰ ਵਲੋਂ ਪੂਰੀ ਹਮਾਇਤ ਦਿਤੀ ਜਾਂਦੀ ਸੀ ਅਤੇ ਕਦੇ ਵੀ ਰਾਜਨੀਤੀ ਵਿਚ ਆਉਣ ਤੋਂ ਰੋਕਿਆ ਨਹੀਂ ਗਿਆ। ਉੱਗੋਕੇ ਦੇ ਮਾਤਾ ਜੀ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਸਕੂਲ ਵਿਚ ਝਾੜੂ ਲਗਾਉਂਦੇ ਹਨ ਜਿਸ ਵਿਚ ਲਾਭ ਸਿੰਘ ਵੀ ਉਨ੍ਹਾਂ ਦਾ ਹੱਥ ਵਟਾਇਆ ਕਰਦੇ ਸਨ। ਇਸ ਤੋਂ ਬਾਅਦ ਲਾਭ ਸਿੰਘ ਨੇ ਮੋਬਾਈਲਾਂ ਦੀ ਦੁਕਾਨ 'ਤੇ ਵੀ ਕੰਮ ਕੀਤਾ ਪਰ ਦਿਲ ਨੂੰ ਨਾ ਲੱਗਣ 'ਤੇ ਉਨ੍ਹਾਂ ਨੇ ਇਹ ਕੰਮ ਛੱਡ ਦਿਤਾ ਅਤੇ ਰਾਜ ਮਿਸਤਰੀ ਨਾਲ ਦਿਹਾੜੀ ਮਜ਼ਦੂਰੀ ਵੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁੱਟ 'ਤੇ ਪੂਰਾ ਭਰੋਸਾ ਸੀ ਕਿ ਇਹ ਇੱਕ ਦਿਨ ਜ਼ਰੂਰ ਕੁਝ ਕਰ ਕੇ ਦਿਖਾਵੇਗਾ।
labh singh ugoke
ਉਨ੍ਹਾਂ ਦੱਸਿਆ ਕਿ ਲਾਭ ਸਿੰਘ ਹੁਰੀਂ ਦੋ ਭਰਾ ਹਨ ਅਤੇ ਦੂਜਾ ਭਰਾ ਆਰਮੀ ਵਿਚੋਂ ਸੇਵਾਮੁਕਤ ਹੋ ਚੁੱਕਾ ਹੈ। ਉਹ ਦੋਵੇਂ ਭਰਾ ਮਿਹਨਤ ਮਜ਼ਦੂਰੀ ਕਰ ਕੇ ਘਰ ਦੇ ਗੁਜ਼ਾਰੇ ਵਿਚ ਯੋਗਦਾਨ ਪਾਉਂਦੇ ਸਨ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਪਿਤਾ ਜੀ ਵੀ ਦਿਹਾੜੀ ਕਰਦੇ ਸਨ ਜਿਸ ਨਾਲ ਸਾਲ ਦਾ ਕਰੀਬ 40 ਹਜ਼ਾਰ ਕਮਾ ਲੈਂਦੇ ਸਨ ਅਤੇ ਕੁਝ ਉਹ ਸਕੂਲ ਵਿਚ ਝਾੜੂ ਲਗਾ ਕੇ ਕਮਾਉਂਦੇ ਸਨ ਜਿਸ ਨਾਲ ਉਨ੍ਹਾਂ ਦੇ ਪ੍ਰਵਾਰ ਦਾ ਗੁਜ਼ਾਰਾ ਚੰਗਾ ਹੋ ਜਾਂਦਾ ਸੀ।
labh singh ugoke family
ਲਾਭ ਸਿੰਘ ਦੀ ਮਾਤਾ ਜੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਾਭ ਸਿੰਘ 'ਤੇ ਪੂਰਾ ਭਰੋਸਾ ਸੀ ਕਿਉਂਕਿ ਉਹ ਇੱਕ ਸ਼ੇਰ ਹੈ। ਭਾਵੇਂ ਘਰ ਵਿਚ ਗਰੀਬੀ ਹੈ ਪਰ ਲਾਭ ਸਿੰਘ ਦਾ ਦਿਲ ਗਰੀਬ ਨਹੀਂ ਹੈ ਅਤੇ ਜਿਸ ਨਾਲ ਉਸ ਨੇ ਮੱਥਾ ਲਗਾਇਆ ਹੈ ਉਥੇ ਵੀ ਜਿੱਤ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਅਸੀਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਨਿਮਰਤਾ ਵਿਚ ਰਹਿਣਾ ਸਿਖਾਇਆ ਹੈ ਅਤੇ ਇਹ ਇਸ ਦਾ ਹੀ ਨਤੀਜਾ ਹੈ ਕਿ ਲੋਕਾਂ ਤੋਂ ਵੀ ਹੁਣ ਲਾਭ ਸਿੰਘ ਨੂੰ ਇੰਨਾ ਪਿਆਰ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਜਨਤਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਲੋਕਾਂ ਵਲੋਂ ਬਹੁਤ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਕਿਸੇ ਨੂੰ ਪਾਣੀ ਤੱਕ ਵੀ ਪਿਆਉਣ ਦਾ ਖਰਚਾ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਇੰਨਾ ਕੁਝ ਕਰਨ ਲਈ ਪੈਸੇ ਹੈ ਹੀ ਨਹੀਂ ਸਨ ਸਗੋਂ ਜਨਤਾ ਨੇ ਸਦਾ ਖਿਆਲ ਰੱਖਿਆ ਹੈ ਅਤੇ ਵੱਡੀ ਲੀਡ ਨਾਲ ਜਿੱਤ ਦਿਵਾਈ ਹੈ।
labh singh ugoke family
ਇਸ ਮੌਕੇ ਲਾਭ ਸਿੰਘ ਉੱਗੋਕੇ ਦੇ ਵੱਡੇ ਪੁੱਤਰ ਅਭਿਜੋਤ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਭੋਲੇਪਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਾਪਾ ਐਮ.ਐਲ.ਏ. ਬਣ ਗਏ ਹਨ ਅਤੇ ਐਮ.ਐਲ.ਏ. ਉਹ ਹੁੰਦਾ ਹੈ ਜੋ ਲੋਕਾਂ ਦੇ ਕੰਮ ਕਰਦਾ ਹੈ। ਅਭਿਜੋਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਪਾਪਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨੀ ਚੁੱਕੇ ਪਰ ਸਕੂਲ ਵਿਚ ਅਭੋਜੋਤ ਦੇ ਦੋਸਤ ਜਿੱਤ ਦੀ ਖੁਸ਼ੀ ਵਿਚ ਉਸ ਤੋਂ ਪਾਰਟੀ ਮੰਗਣ ਲੱਗੇ। ਅਭਿਜੋਤ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਆਰਮੀ ਅਫ਼ਸਰ ਬਣਨਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।
labh singh ugoke family
ਵਿਧਾਇਕ ਲਾਭ ਸਿੰਘ ਉਗੋਕੇ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 2010 ਵਿਚ ਹੋਇਆ ਸੀ ਅਤੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੁਕਾਮ 'ਤੇ ਪਹੁੰਚਣਗੇ। ਇਹ ਜਨਤਾ ਅਤੇ ਹਲਕੇ ਦੇ ਲੋਕਾਂ ਦਾ ਪਿਆਰ ਹੀ ਹੈ ਜੋ ਇੱਕ ਵੇਲੇ ਦੇ ਮੌਜੂਦਾ ਮੁੱਖ ਮੰਤਰੀ ਨੂੰ ਹਰ ਕੇ ਲਾਭ ਸਿੰਘ ਦੀ ਝੋਲੀ ਵਿਚ ਜਿੱਤ ਪਾਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਉਹ ਲਾਭ ਸਿੰਘ ਨੂੰ ਸਿਆਸਤ ਵਿਚ ਜਾਣ ਤੋਂ ਰੋਕਦੇ ਸਨ ਪਰ ਲਾਭ ਸਿੰਘ ਦੀ ਲਗਨ ਇਸ ਪਾਸੇ ਹੋਣ ਕਾਰਨ ਉਨ੍ਹਾਂ ਨੇ ਵੀ ਆਪਣੇ ਪਤੀ ਦਾ ਸਾਥ ਦਿਤਾ।
labh singh ugoke family
ਇਸ ਮੌਕੇ ਵਿਧਾਇਕ ਦੇ ਪਿਤਾ ਜੀ ਨੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜਿੱਤ ਦਾ ਸਿਹਰਾ ਭਦੌੜ ਦੇ ਲੋਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਜਨਤਾ ਦੀ ਬਦੌਲਤ ਹੀ ਹੋਇਆ ਹੈ ਕਿ ਉਨ੍ਹਾਂ ਨੇ ਚਰਨਜੀਤ ਚੰਨੀ ਨੂੰ ਹਰ ਕੇ ਲਾਭ ਸਿੰਘ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ। ਜੋ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਦਿਤਾ ਹੈ ਇਸ ਦਾ ਉਹ ਕਦੇ ਵੀ ਦੇਣ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤ ਦਾ ਪੂਰਾ ਸਹਿਯੋਗ ਦੇਵਾਂਗੇ ਅਤੇ ਉਸ ਨੂੰ ਲੋਕਾਂ ਦੇ ਕੰਮ ਕਰਨ ਲਈ ਪ੍ਰੇਰਿਤ ਵੀ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਵਧੀਆ ਸਕੂਲ ਅਤੇ ਚੰਗੇ ਹਸਪਤਾਲ ਪੰਜਾਬ ਵਿਚ ਮੌਜੂਦਾ ਸਮੇਂ ਦੀ ਮੰਗ ਹਨ ਜਿਥੇ ਲੋਕਾਂ ਦਾ ਮੁਫ਼ਤ ਇਲਾਜ ਹੋ ਸਕੇ ਅਤੇ ਬੱਚਿਆਂ ਨੂੰ ਸਿੱਖਿਆ ਮਿਲ ਸਕੇ।