
ਅਕਾਲ ਅਕੈਡਮੀ ਚੀਮਾ ਸਾਹਿਬ ਦਾ ਭਗਵੰਤ ਮਾਨ ਨੇ ਕੀਤਾ ਦੌਰਾ
ਸੰਗਰੂਰ, 12 ਮਾਰਚ (ਬਲਵਿੰਦਰ ਸਿੰਘ ਭੁੱਲਰ): ਵਿਦਿਆ ਦਾਤੇ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ ਜਨਮ ਅਸਥਾਨ ਸਥਿਤ ਗੁਰਦੁਆਰਾ ਸਾਹਿਬ ਚੀਮਾ ਵਿਖੇ ਭਗਵੰਤ ਮਾਨ ਨੇ ਮੱਥਾ ਟੇਕ ਕੇ ਵਿਧਾਨ ਸਭਾ ਚੋਣਾਂ ’ਚ ਹੋਈ ਇਤਿਹਾਸਕ ਜਿੱਤ ਲਈ ਸ਼ੁਕਰਾਨਾ ਕੀਤਾ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ (ਡਾ.) ਦਵਿੰਦਰ ਸਿੰਘ ਅਤੇ ਗੁਰਦਵਾਰਾ ਜਨਮ ਅਸਥਾਨ ਚੀਮਾ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਨੇ ਭਗਵੰਤ ਮਾਨ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਨਾਲ ਸਨਮਾਨਤ ਕੀਤਾ।
ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਛੋਟੇ ਹੁੰਦਿਆਂ ਜਦੋਂ ਉਸ ਨੇ ਅਪਣੇ ਕਮੇਡੀ ਖੇਤਰ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਉਹ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਆ ਕੇ ਹਰਮੋਨੀਅਨ ’ਤੇ ਰਿਆਜ਼ ਕਰਦੇ ਹੁੰਦੇ ਸਨ। ਉਨ੍ਹਾਂ ਅਕਾਲ ਅਕੈਡਮੀ ਚੀਮਾ ਸਾਹਿਬ ਦਾ ਦੌਰਾ ਕਰ ਕੇ ਕਲਗੀਧਰ ਟਰੱਸਟ ਵਲੋਂ ਦੇਸ਼ ਭਰ ’ਚ ਚਲਾਈਆਂ ਜਾ ਰਹੀਆਂ 129 ਅਕਾਲ ਅਕੈਡਮੀਆਂ ਅਤੇ ਦੋ ਯੂਨੀਵਰਸਿਟੀਆਂ ’ਚ ਬੱਚਿਆਂ ਨੂੰ ਦੁਨਿਆਵੀ ਵਿਦਿਆ ਨਾਲ ਦਿਤੀ ਜਾ ਰਹੀ ਅਧਿਆਤਮਕ ਵਿਦਿਆ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਉਨ੍ਹਾਂ ਸੰਗਤਾਂ ਨੂੰ ਸੰਤ ਅਤਰ ਸਿੰਘ ਦੇ 156ਵੇਂ ਜਨਮ ਦਿਹਾੜੇ ਦੀ ਮੁਬਾਰਕਵਾਦ ਵੀ ਦਿਤੀ ।