
ਅਕਾਲੀ ਦਲ ਨੂੰ ਮਰਨ ਨਹੀਂ ਦੇਵਾਂਗੇ, ਸਿੱਖਾਂ ਦੇ ਹਿਤਾਂ ਦੀ ਰਾਖੀ ਲਈ ਦਿੱਲੀ ਵਿਚ 'ਪੰਥਕ ਫ਼ੈਡਰੇਸ਼ਨ ਕਾਇਮ ਕਰਾਂਗੇ: ਜੀ.ਕੇ. ਦਾ ਐਲਾਨ
ਨਵੀਂ ਦਿੱਲੀ, 12 ਮਾਰਚ (ਅਮਨਦੀਪ ਸਿੰਘ): 'ਜਾਗੋ' ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦਿੱਲੀ ਵਿਖੇ ਅਕਾਲੀ ਦਲ ਦੀ ਹੋਂਦ ਕਾਇਮ ਰੱਖਣ ਲਈ ਪੰਥਕ ਪਾਰਟੀਆਂ ਦੀ ਸਾਂਝੀ ਪੰਥਕ ਫੈਡਰੇਸ਼ਨ ਕਾਇਮ ਕਰਨ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਉਨਾਂ੍ਹ ਦਾ ਬਾਦਲਾਂ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਅਕਾਲੀ ਦਲ ਨੂੰ ਮਰਨ ਨਹੀਂ ਦੇਵਾਂਗੇ |
ਇਥੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ.ਜੀ.ਕੇ. ਨੇ ਕਿਹਾ , ਪੰਥ ਰਤਨ ਮਾਸਟਰ ਤਾਰਾ ਸਿੰਘ ਨਾਲ ਰੱਲ ਕੇ ਜੱਥੇਦਾਰ ਸੰਤੋਖ ਸਿੰਘ ਨੇ 1950 ਵਿਚ ਦਿੱਲੀ 'ਚ 'ਅਕਾਲੀ ਜੱਥਾ' ਬਣਾ ਕੇ, ਪੰਥ ਦੇ ਮਸਲੇ ਹੱਲ ਕੀਤੇ, ਇਸੇ ਤਰ੍ਹਾਂ ਤੇ ਦਿੱਲੀ ਵਿਚ ਪੰਥਕ ਫੈਡਰੇਸ਼ਨ ਦੀ ਮਜ਼ਬੂਤੀ ਲਈ ਪਰਮਜੀਤ ਸਿੰਘ ਸਰਨਾ, ਭਾਈ ਰਣਜੀਤ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਤੇ ਹੋਰਨਾਂ ਨੂੰ ਮਿਲਣਗੇ ਤੇ ਪੰਥਕ ਫੈਡਰੇਸ਼ਨ ਵਿਚ ਸ਼ਾਮਲ ਹੋਣ ਦਾ ਸੱਦਾ ਦੇਣਗੇ | ਪਾਰਟੀ ਦੇ ਸਕੱਤਰ ਜਨਰਲ ਡਾ.ਪਰਮਿੰਦਰਪਾਲ ਸਿੰਘ ਨੇ ਪੰਥਕ ਫੈਡਰੇਸ਼ਨ ਦੀ ਕਾਇਮੀ ਦੇ ਮੱਤੇ ਨੂੰ ਪੇਸ਼ ਕੀਤਾ |
ਉਨਾਂ੍ਹ 'ਨਾਟੋ' ਦਾ ਹਵਾਲਾ ਦੇ ਕੇ ਕਿਹਾ ਅੱਜ ਸਿੱਖਾਂ ਨੂੂੰ ਵੀ ਆਪਣਾ 'ਨਾਟੋ' ਬਨਾਉਣ ਦੀ ਲੋੜ ਹੈ ਕਿਉਂਕਿ ਨਾਟੋ ਵਿਚ ਸ਼ਾਮਲ ਮੁਲਕਾਂ ਸਾਹਮਣੇ ਰੂਸ ਵਰਗੀ ਤਾਕਤਵਰ ਸ਼ਕਤੀ ਦਾ ਕਦ ਬੌਣਾ ਪੈ ਜਾਂਦਾ ਹੈ, ਇਸ ਲਈ ਰੂਸ ਨੂੰ ਖੁੰਦਕ ਹੈ ਕਿ ਯੂਕਰੇਨ ਨਾਟੋ ਵਿਚ ਕਿਉਂ ਹੈ |
ਉਨ੍ਹਾਂ ਕਿਹਾ ਕਲ ਤੱਕ ਅਕਾਲੀ ਦਲ ਦੇ ਨਾਮ 'ਤੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਵੋਟਾਂ ਮੰਗਣ ਵਾਲੇ ਅੱਜ ਆਪਣੀਆਂ ਪਤਨੀਆਂ ਦੀ ਕੌਂਸਲਰ ਟਿਕਟਾਂ ਲਈ ਭਾਜਪਾ ਦੇ ਹੱਥ ਠੋਕੇ ਬਣ ਰਹੇ ਹਨ, ਫਿਰ ਇਹ ਪੰੰਥ ਦੇ ਮਸਲੇ ਭਾਜਪਾ ਸਾਹਮਣੇ ਕਿਵੇਂ ਚੁਕ ਸਕਣਗੇ?
ਇਸ ਮੌਕੇ ਦਿੱਲੀ ਕਮੇਟੀ ਮੈਂਬਰ ਮੋਹਿੰਦਰ ਸਿੰਘ, ਸਤਨਾਮ ਸਿੰਘ, ਬੀਬੀ ਮਨਦੀਪ ਕੌਰ ਬਖ਼ਸ਼ੀ, ਡਾ.ਅਵਨੀਤ ਕੌਰ ਭਾਟੀਆ, ਪਰਮਜੀਤ ਸਿੰਘ ਮੱਕੜ, ਮੋਹਨ ਸਿੰਘ ਸਣੇ ਹੋਰ ਸ਼ਾਮਲ ਹੋਏ |