
ਅਧਿਆਪਕਾਂ ਦੇ ਗ੍ਰੀਵੀਐਂਸਜ਼ ਦੂਰ ਕਰਵਾਉਣ ਲਈ ਰਿਸੋਰਸ ਪਰਸਨ ਵਧੀਆ ਕੜੀ...
ਐੱਸ.ਏ.ਐੱਸ.ਨਗਰ (ਸ.ਸ.ਸ) : ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਗੁਣਾਤਮਿਕ ਸਿੱਖਿਆ ਦੇ ਸੁਧਾਰ ਲਈ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੇ ਪਹਿਲੇ ਅਤੇ ਦੂਜੇ ਸਾਲ ਦੀਆਂ ਜਮਾਤਾਂ ਲਈ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦਾ ਤੀਜਾ ਗੇੜ ਸਮਾਪਤ ਹੋ ਗਿਆ ਹੈ। 11 ਤੋਂ 13 ਅਪ੍ਰੈਲ ਤੱਕ ਚੱਲੇ ਤੀਜੇ ਗੇੜ ਵਿੱਚ ਸੂਬੇ ਭਰ ਤੋਂ 175 ਪ੍ਰਾਇਮਰੀ ਅਧਿਆਪਕਾਂ ਨੇ ਭਾਗ ਲਿਆ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਿਖਲਾਈ ਵਰਕਸ਼ਾਪ ਦਾ ਜਾਇਜ਼ਾ ਲਿਆ ਹੈ। ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੀਆਂ ਸਿੱਖਿਆ ਦੇ ਸੁਧਾਰ ਅਤੇ ਅਧਿਆਪਕਾਂ ਦੇ ਸਹਿਯੋਗੀ ਵੱਜੋਂ ਵਿਚਰਦਿਆਂ ਜਿੰਮੇਵਾਰੀਆਂ ਪ੍ਰਤੀ ਸੁਚੇਤ ਕੀਤਾ।
School Teachers
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਪ੍ਰਾਇਰਮੀ ਸਕੂਲਾਂ ਵਿੱਚ ਲਗਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਦਾ ਦਾਖ਼ਲਾ ਵੀ ਕੀਤਾ ਜਾ ਰਿਹਾ ਹੈ। ਪਹਿਲੇ ਅਤੇ ਦੂਜੇ ਸਾਲ ਦੇ ਦਾਖ਼ਲ ਬੱਚਿਆਂ ਨੂੰ ਖੇਡ ਮਹਿਲ ਦੀਆਂ ਕਿਰਿਆਵਾਂ ਕਰਵਾਉਣ ਲਈ ਅਤੇ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਮੱਗਰੀ ਦੀ ਜਾਣਕਾਰੀ ਦੇਣ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਅਧਿਆਪਕ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ| ਇਸ ਵਰਕਸ਼ਾਪ ਵਿੱਚ ਆਓ ਦੋ ਗੱਲਾਂ ਕਰੀਏ, ਗੁੱਡੀ ਕੋਨਾ, ਸਿਰਜਨਾਤਮਿਕ ਕੋਨਾ ਆਦਿ ਬਾਰੇ ਵਿਸਤਾਰ ਵਿੱਚ ਰਿਸੋਰਸ ਪਰਸਨਾਂ ਨੇ ਅਧਿਆਪਕਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਹਮੇਸ਼ਾ ਚੁਸਤ-ਫੁਰਤ ਰਹਿਣਾ ਚਾਹੀਦਾ ਹੈ| ਸਿਹਤ ਦੀ ਤੰਦਰੁਸਤੀ ਦਾ ਧਿਆਨ ਰੱਖਣਾ ਚਾਹੀਦਾ ਹੈ| ਇਸਦਾ ਵਿਦਿਆਰਥੀਆਂ ਉੱਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ| ਉਹਨਾਂ ਕਿਹਾ ਕਿ ਅਧਿਆਪਕਾਂ ਦੇ ਕਿਸੇ ਕਿਸਮ ਦੇ ਦਫ਼ਤਰ ਨਾਲ ਗ੍ਰੀਵੀਐਂਸਜ਼ ਪੈਂਡਿੰਗ ਹਨ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ| ਇਸ ਨਾਲ ਵਿਭਾਗ ਨੂੰ ਖੁਸ਼ੀ ਹੋਵੇਗੀ ਤੇ ਪੈਂਡਿੰਗ ਪਾਇਲਾਂ ਦਾ ਨਿਪਟਾਰਾ ਵੀ ਹੋਵੇਗਾ।
ਸਿੱਖਿਆ ਦੇ ਮਿਆਰ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਕਿਹਾ ਕਿ ਹੁਣ ਸਕੂਲਾਂ ਵਿੱਚ ਦਾਖਲਿਆਂ ਦਾ ਸਮਾਂ ਹੈ ਅਤੇ ਸਮੂਹ ਅਧਿਆਪਕ ਆਪਣੇ-ਆਪਣੇ ਸਕੂਲਾਂ ਵਿੱਚ ਦਸ ਫੀਸਦੀ ਦਾਖਲੇ ਵਧਾਉਣ ਲਈ ਕੰਮ ਕਰਨ| ਉਹਨਾਂ ਪ੍ਰੀ-ਪ੍ਰਾਇਮਰੀ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿਖਾਉਣ ਲਈ ਵੀ ਸਿੱਖਣ-ਸਿਖਾਉਣ ਸਮੱਗਰੀ ਦੀ ਉੱਚਿਤ ਵਰਤੋਂ ਕਰਨ ਲਈ ਕਿਹਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ, ਡਾ. ਅਨੂਪ ਰਾਜਪੂਤ ਐੱਨ.ਸੀ.ਈ.ਆਰ.ਟੀ. ਨਵੀਂ ਦਿੱਲੀ, ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਅਤੇ ਹੋਰ ਸਟੇਟ ਰਿਸੋਰਸ ਪਰਸਨਾਂ ਨੇ ਵੀ ਆਪਣੇ ਵਿਚਾਰ ਸਿਖਲਾਈ ਵਰਕਸ਼ਾਪ ਵਿੱਚ ਸਾਂਝੇ ਕੀਤੇ|